ਲੁਧਿਆਣਾ 27 ਮਾਰਚ : ਜੰਮੂ ਦੇ 25 ਕਿਸਾਨਾਂ ਅਤੇ ਦੋ ਅਧਿਕਾਰੀਆਂ ਨੇ ਪੀ ਏ ਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਪੰਜ ਦਿਨਾਂ ਸਿਖਲਾਈ ਲਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ, ਸਕਿੱਲ ਡਿਵੈਲਪਮੈਂਟ ਨੇ ਦੱਸਿਆ ਕਿ ਜੰਮੂ ਤੋਂ ਆਏ ਹੋਏ ਕਿਸਾਨਾਂ ਨੇ ਸੁਗੰਧੀਦਾਰ ਅਤੇ ਦਵਾਈਆਂ ਵਾਲੇ ਬੂਟਿਆਂ ਅਤੇ ਜੈਵਿਕ ਖੇਤੀ ਨੂੰ ਪ੍ਰਫੁਲਿੱਤ ਕਰਨ ਸੰਬੰਧੀ ਵੱਡਮੁੱਲੀ ਜਾਣਕਾਰੀ ਪ੍ਰਾਪਤ ਕੀਤੀ। ਕੋਰਸ ਕੋਆਰਡੀਨੇਟਰ ਡਾ. ਲਵਲੀਸ਼ ਗਰਗ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਸਕੂਲ ਆਫ ਆਰਗੈਨਿਕ ਫਾਰਮਿੰਗ ਵਿਭਾਗ ਤੋਂ ਡਾ. ਰਜਿੰਦਰ ਕੁਮਾਰ, ਡਾ. ਸੋਹਣ ਸਿੰਘ ਵਾਲੀਆ, ਡਾ. ਵਜਿੰਦਰ ਕਾਲੀਆ, ਡਾ. ਅਮਨਦੀਪ ਸਿੰਘ ਸਿੱਧੂ, ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਤੋਂ ਡਾ. ਤਰਸੇਮ ਚੰਦ ਮਿੱਤਲ, ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਤੋਂ ਡਾ. ਸਿਮਰਤ ਸਿੰਘ, ਸੋਆਇਲ ਅਤੇ ਵਾਟਰ ਇੰਜੀਨੀਅਰਿੰਗ ਵਿਭਾਗ ਤੋਂ ਡਾ. ਨਿਲੇਸ਼ ਬਿਵਾਲਕਰ, ਸਕੂਲ ਆਫ ਬਿਜ਼ਨਸ ਸਟੱਡੀਜ਼ ਤੋਂ ਡਾ. ਖੁਸ਼ਦੀਪ ਧਰਨੀ ਨੇ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਮੈਡਮ ਕੁਲਦੀਪ ਕੌਰ ਅਤੇ ਮੈਡਮ ਕੰਵਲਜੀਤ ਕੌਰ ਨੇ ਖੁੰਬਾਂ ਤੋਂ ਵੰਨ-ਸਵੰਨੇ ਪਕਵਾਨ ਤਿਆਰ ਕਰਨ ਸੰਬੰਧੀ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ। ਇਸ ਗਿਆਨਵਰਧਕ ਫੇਰੀ ਦੌਰਾਨ ਕਿਸਾਨਾਂ ਨੇ ਯੂਨੀਵਰਸਿਟੀ ਦੇ ਫਲੋਰੀਕਲਚਰ ਫਾਰਮ, ਹਰਬਲ ਗਾਰਡਨ ਅਤੇ ਆਈ ਐਫ ਐਸ ਯੂਨਿਟ ਦਾ ਦੌਰਾ ਵੀ ਕੀਤਾ। ਡਾ. ਪ੍ਰੇਰਨਾ ਕਪਿਲਾ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਗਤਿਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।