- ਐਮਐਸਪੀ ਤੋਂ ਉਪਰ ਵਿਕ ਰਿਹਾ ਹੈ ਨਰਮਾ
ਅਬੋਹਰ, ਫਾਜਿ਼ਲਕਾ, 14 ਸਤੰਬਰ : ਨਰਮੇ ਦੀ ਫਸਲ ਤੋਂ ਇਸ ਵਾਰ ਜਿ਼ਲ੍ਹੇ ਦੇ ਕਿਸਾਨਾਂ ਨੂੰ ਆਸ ਜਾਗੀ ਹੈ। ਨਰਮੇ ਦੀ ਪਹਿਲੀ ਚੁਗਾਈ ਦਾ ਨਰਮਾ ਮੰਡੀ ਵਿਚ ਆਉਣ ਲੱਗਿਆ ਹੈ। ਜਿ਼ਲ੍ਹੇ ਦੀ ਅਬੋਹਰ ਮੰਡੀ ਜ਼ੋ ਕਿ ਚਿੱਟੇ ਸੋਨੇ ਦੀ ਰਾਜ ਦੀ ਪ੍ਰਮੁੱਖ ਮੰਡੀ ਹੈ ਵਿਚ ਹੁਣ ਤੱਕ ਨਵੀਂ ਫਸਲ ਦਾ 24500 ਕੁਇੰਟਲ ਨਰਮਾ ਆ ਚੁੱਕਾ ਹੈ। ਜਦ ਕਿ ਇਸ ਸਾਲ ਹਾਲ ਤੱਕ ਨਰਮਾ ਘੱਟੋ ਘੱਟ ਸਮਰੱਥਨ ਮੁੱਲ ਤੋਂ ਉਚਾ ਵਿਕ ਰਿਹਾ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਕੀਤੀ ਸਖ਼ਤ ਮਿਹਨਤ ਅਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਸਮੇਂ ਸਿਰ ਦਿੱਤੇ ਗਏ ਪਾਣੀ ਕਾਰਨ ਨਰਮੇ ਦੀ ਫਸਲ ਦੀ ਚੰਗੀ ਪੈਦਾਵਾਰ ਹੋਣ ਦੀ ਆਸ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਅਬੋਹਰ ਦੀ ਮੰਡੀ ਵਿਚ ਰੋਜਾਨਾ ਲਗਭਗ 2000 ਕੁਇੰਟਲ ਤੋਂ ਜਿਆਦਾ ਨਰਮਾ ਆ ਰਿਹਾ ਹੈ। ਮਾਰਕਿਟ ਕਮੇਟੀ ਅਬੋਹਰ ਦੇ ਸਕੱਤਰ ਸ੍ਰੀ ਮਨਦੀਪ ਕਾਮਰਾ ਨੇ ਦੱਸਿਆ ਹੈ ਕਿ 1 ਅਪ੍ਰੈਲ ਤੋਂ ਬਾਅਦ ਹੁਣ ਤੱਕ 70 ਹਜਾਰ ਕੁਇੰਟਲ ਨਰਮਾ ਅਬੋਹਰ ਮੰਡੀ ਵਿਚ ਆਇਆ ਹੈ ਅਤੇ ਇਸ ਵਿਚੋਂ 24500 ਕੁਇੰਟਲ ਨਰਮਾ ਨਵੀਂ ਫਸਲ ਦਾ ਹੈ। ਭਾਅ ਦੀ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਐਵਰੇਜ਼ ਭਾਅ 7330 ਰੁਪਏ ਹੈ ਜਦ ਕਿ ਵੀਰਵਾਰ ਨੂੰ ਅਬੋਹਰ ਮੰਡੀ ਵਿਚ ਸਭ ਤੋਂ ਉਚਾ ਨਰਮਾ 7415 ਰੁਪਏ ਪ੍ਰਤੀ ਕੁਇੰਟਲ ਵਿਕਿਆ ਹੈ। ਪਿੱਛਲੇ ਸਾਲ ਦੇ ਇਸੇ ਵਕਤ ਤੱਕ ਦੇ ਮੁਕਾਬਲੇ ਵੀ ਅਬੋਹਰ ਦੀ ਮੰਡੀ ਵਿਚ ਦੁੱਗਣੇ ਤੋਂ ਜਿਆਦਾ ਦੀ ਨਰਮੇ ਦੀ ਆਮਦ ਹੋ ਚੁੱਕੀ ਹੈ। ਅਬੋਹਰ ਤੋਂ ਇਲਾਵਾ ਫਾਜਿ਼ਲਕਾ ਦੀ ਮੰਡੀ ਵਿਚ ਵੀ ਕੁਝ ਨਰਮੇ ਦੀ ਆਮਦ ਹੁੰਦੀ ਹੈ ਅਤੇ ਇੱਥੇ ਵੀ ਆਮਦ ਦਾ ਆਂਕੜਾ ਪਿੱਛਲੇ ਸਾਲ ਦੇ ਮੁਕਾਬਲੇ ਜਿਆਦਾ ਹੈ। ਓਧਰ ਜਿ਼ਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਕਿਸਾਨ ਇਸ ਵੇਲੇ ਨਰਮੇ ਦੀ ਪਹਿਲੀ ਚੁਗਾਈ ਕਰ ਰਹੇ ਹਨ। ਪਹਿਲੀ ਚੁਗਾਈ ਦਾ 1 ਤੋਂ 4 ਕੁਇੰਟਲ ਤੱਕ ਝਾੜ ਮਿਲ ਰਿਹਾ ਹੈ।