ਲੁਧਿਆਣਾ, 28 ਜਨਵਰੀ : ਲੁਧਿਆਣਾ ਦੇ ਦਾਲ ਬਾਜ਼ਾਰ 'ਚ ਸਥਿਤ ਹੌਜ਼ਰੀ ਦੀ ਦੁਕਾਨ 'ਚ ਭਿਆਨਕ ਅੱਗ ਲੱਗ ਗਈ। ਇਹ ਤਿੰਨ ਮੰਜ਼ਿਲਾ ਇਮਾਰਤ ਸੀ। ਪਹਿਲਾਂ ਹੇਠਲੀ ਇਮਾਰਤ ਨੂੰ ਅੱਗ ਲੱਗ ਗਈ। ਕੁਝ ਹੀ ਦੇਰ 'ਚ ਅੱਗ ਨੇ ਦੂਜੀ ਮੰਜ਼ਿਲ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਗੁਆਂਢੀ ਦੁਕਾਨਦਾਰਾਂ ਨੇ ਦੁਕਾਨ ਦੇ ਬਾਹਰ ਸ਼ਾਰਟ ਸਰਕਟ ਹੋਣ ਦੀ ਸੂਚਨਾ ਦੁਕਾਨ ਮਾਲਕ ਰਮੇਸ਼ ਗੁਲਾਟੀ ਨੂੰ ਦਿੱਤੀ। ਰਮੇਸ਼ ਗੁਲਾਟੀ ਅਤੇ ਪੁਨੀਤ ਮੌਕੇ 'ਤੇ ਪਹੁੰਚੇ। ਇਲਾਕੇ ਦੇ ਲੋਕਾਂ ਨੇ ਪਹਿਲਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਵਧਦੀ ਦੇਖ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਰਮੇਸ਼ ਗੁਲਾਟੀ ਨੇ ਦੱਸਿਆ ਕਿ ਦੁਕਾਨ ਵਿੱਚ ਲੱਖਾਂ ਰੁਪਏ ਦਾ ਹੌਜ਼ਰੀ ਦਾ ਸਾਮਾਨ ਪਿਆ ਸੀ, ਜੋ ਸੁਆਹ ਹੋ ਗਿਆ।ਆਸ-ਪਾਸ ਦੇ ਦੁਕਾਨਦਾਰਾਂ ਅਤੇ ਮਾਲਕ ਰਮੇਸ਼ ਗੁਲਾਟੀ ਨੇ ਦੱਸਿਆ ਕਿ ਦੁਕਾਨਾਂ ਦੇ ਬਾਹਰ ਬਿਜਲੀ ਦੀਆਂ ਤਾਰਾਂ ਦਾ ਜਾਲ ਇੰਨਾ ਜ਼ਿਆਦਾ ਹੈ ਕਿ ਕਈ ਵਾਰ ਇਲਾਕੇ ਵਿੱਚ ਸਪਾਰਕਿੰਗ ਹੋ ਜਾਂਦੀ ਹੈ। ਸ਼ੁੱਕਰਵਾਰ ਰਾਤ ਨੂੰ ਵੀ ਦੁਕਾਨ ਦੇ ਬਾਹਰ ਤਾਰਾਂ ਵਿੱਚ ਸ਼ਾਰਟ ਸਰਕਟ ਹੋ ਗਿਆ ਸੀ। ਤਾਰਾਂ ਵਿੱਚ ਸਪਾਰਕਿੰਗ ਨਾਲ ਧਮਾਕੇ ਹੋਏ। ਇਸ ਤੋਂ ਬਾਅਦ ਕੁਝ ਦੇਰ 'ਚ ਅੱਗ ਵਧ ਗਈ।