- ਤੇਜ਼ੀ ਨਾਲ ਕੀਤੀ ਗਈ ਕਾਰਵਾਈ ਨਾਲ ਬਚੀ ਬੱਚੇ ਦੀ ਜਾਨ- ਡਿਪਟੀ ਕਮਿਸ਼ਨਰ
- ਬੋਰਵੈਲ ਖੁੱਲਾ ਛੱਡਣ ਵਾਲੇ ਖਿਲਾਫ ਹੋਵੇਗੀ ਕਾਰਵਾਈ -ਵਿਧਾਇਕ
ਫਾਜ਼ਿਲਕਾ 12 ਜੁਲਾਈ 2024 : ਫਾਜ਼ਿਲਕਾ ਦਾਣਾ ਮੰਡੀ ਵਿੱਚ ਇੱਕ ਬੋਰ ਬੈਲ ਵਿੱਚ ਡਿੱਗੇ ਬੱਚੇ ਨੂੰ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਦੀ ਮੁਸਤੈਦੀ ਅਤੇ ਤੇਜੀ ਗਤੀ ਨਾਲ ਕੀਤੀ ਗਈ ਕਾਰਵਾਈ ਨਾਲ ਸੁਰੱਖਿਤ ਬਾਹਰ ਕੱਢ ਲਿਆ ਗਿਆ। ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਭਰਤੀ ਕਰਾਇਆ ਗਿਆ ਹੈ ਅਤੇ ਡਾਕਟਰਾਂ ਅਨੁਸਾਰ ਬੱਚਾ ਹੁਣ ਪੂਰੀ ਤਰ੍ਹਾਂ ਸੁਰੱਖਿਤ ਹੈ ਅਤੇ ਉਸਨੂੰ ਕੁਝ ਸਮੇਂ ਲਈ ਡਾਕਟਰੀ ਦੇਖਰੇਖ ਵਿੱਚ ਰੱਖਿਆ ਗਿਆ ਹੈ। ਹਸਪਤਾਲ ਵਿੱਚ ਪਹੁੰਚੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਜਿਵੇਂ ਹੀ ਇਸ ਘਟਨਾ ਦੀ ਸੂਚਨਾ ਮਿਲੀ ਤੁਰੰਤ ਆਪਦਾ ਪ੍ਰਬੰਧਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਤੇਜ਼ੀ ਨਾਲ ਕਾਰਵਾਈ ਆਰੰਭ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਦੀ ਦੇਖਰੇਖ ਵਿਚ ਫਾਇਰ ਬ੍ਰਿਗੇਡ ਅਤੇ ਗਰੀਨ ਐਸ ਫੋਰਸ ਦੇ ਵਲੰਟੀਅਰਾਂ ਸਮੇਤ ਮੌਕੇ ਤੇ ਕਾਰਵਾਈ ਆਰੰਭੀ ਗਈ। ਸਿਹਤ ਟੀਮਾਂ ਮੌਕੇ ਤੇ ਬੁਲਾਈਆਂ ਗਈਆਂ ਅਤੇ ਨਾਲ ਦੀ ਨਾਲ ਐਨਡੀਆਰਐਫ ਅਤੇ ਫੌਜ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਅਤੇ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਫਾਜ਼ਿਲਕਾ ਲਈ ਰਵਾਨਾ ਵੀ ਹੋ ਗਈਆਂ ਸਨ। ਪਰ ਇਸੇ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇਜ਼ੀ ਨਾਲ ਕਾਰਵਾਈ ਕਰਕੇ ਬੋਰ ਬੈੱਲ ਦੇ ਬਰਾਬਰ ਇੱਕ ਜੇਸੀਬੀ ਨਾਲ ਟੋਆ ਪੁੱਟਿਆ ਗਿਆ ਅਤੇ ਬੱਚੇ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ। ਮੌਕੇ ਫਾਇਰ ਬ੍ਰਿਗੇਡ ਦੀ ਟੀਮ ਜਿਸ ਵਿਚ ਫਾਇਰ ਅਫਸਰ ਫਤਿਹ ਸਿੰਘ, ਗੌਰਵ ਝੀਂਝਾਂ, ਜੱਗਾ ਰਾਮ, ਰਾਕੇਸ਼ ਕੁਮਾਰ ਅਤੇ ਗਰੀਨ ਐਸ ਵੇਲਫੇਅਰ ਤੋਂ ਰਜਤ ਸ਼ਰਮਾ, ਸਚਿਨ, ਪਵਨ, ਰਿੰਕੂ, ਸੰਟੀ, ਰਾਹੁਲ, ਅਸੋਕ ਆਦਿ ਦੀ ਟੀਮ ਨੇ ਤੇਜੀ ਨਾਲ ਕਾਰਵਾਈ ਕੀਤੀ। ਇੱਥੇ ਕੰਮ ਕਰ ਰਹੇ ਫਾਇਰ ਬ੍ਰੀਗੇਡ ਦੇ ਕਰਮੀ ਗੌਰਵ ਝੀਂਝਾ ਨੇ ਦੱਸਿਆ ਕਿ ਬੱਚਾ ਲਗਭਗ 12 ਫੁੱਟ ਦੀ ਡੁੰਘਾਈ ਤੇ ਸੀ ਅਤੇ ਤੇਜੀ ਨਾਲ ਕੀਤੀ ਗਈ ਕਾਰਵਾਈ ਕਾਰਨ ਬੱਚੇ ਦੀ ਜਾਨ ਬਚ ਗਈ। ਮੌਕੇ ਤੇ ਪੁਲਿਸ ਡੀਐਸਪੀ ਸੁਬੇਗ ਸਿੰਘ ਦੀ ਅਗਵਾਈ ਵਿਚ ਪਹੁੰਚੀ ਤੇ ਸਹਿਯੋਗ ਕੀਤਾ। ਤੁਰੰਤ ਉਸ ਨੂੰ ਐਂਬੂਲੈਂਸ ਵਿੱਚ ਆਕਸੀਜਨ ਦੇ ਕੇ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਤੁਰੰਤ ਦੇਖਭਾਲ ਕੀਤੀ ਅਤੇ ਹੁਣ ਬੱਚਾ ਖਤਰੇ ਤੋਂ ਬਾਹਰ ਹੈ। ਇਸ ਸਾਰੀ ਸੁਰੱਖਿਆ ਕਾਰਵਾਈ ਦੀ ਦੇਖਰੇਖ ਏਡੀਸੀ ਜਨਰਲ ਸ਼੍ਰੀ ਰਕੇਸ਼ ਕੁਮਾਰ ਪੋਪਲੀ ਐਸਡੀਐਮ ਸ੍ਰੀ ਵਿਪਨ ਭੰਡਾਰੀ, ਡੀਐਸਪੀ ਸੁਬੇਗ ਸਿੰਘ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮੰਗਤ ਰਾਮ ਨੇ ਮੌਕੇ ਤੇ ਕੀਤੀ। ਇਸ ਮੌਕੇ ਡਾਕਟਰੀ ਟੀਮ ਵਿੱਚੋਂ ਡਾਕਟਰ ਕਵਿਤਾ ਸਿੰਘ ਦੀ ਦੇਖਰੇਖ ਵਿੱਚ ਮਾਹਿਰ ਡਾਕਟਰਾਂ ਨੇ ਬੱਚੇ ਨੂੰ ਤੇਜ਼ੀ ਨਾਲ ਇਲਾਜ ਮੁਹਈਆ ਕਰਵਾਇਆ।
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਜਾਣਿਆ ਬੱਚੇ ਦਾ ਹਾਲ
ਓਧਰ ਦੂਜੇ ਪਾਸੇ ਫਾਜ਼ਿਲਕਾ ਦੇ ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਹਸਪਤਾਲ ਪਹੁੰਚ ਕੇ ਬੱਚੇ ਦਾ ਹਾਲ ਚਾਲ ਜਾਣਿਆ ਅਤੇ ਇਸ ਮੌਕੇ ਉਹਨਾਂ ਨੇ ਆਖਿਆ ਕਿ ਬੋਰ ਬੈਲ ਖੁੱਲਾ ਛੱਡਣ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਵਿਧਾਇਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਝੁੱਗੀ ਝੌਂਪੜੀ ਵਾਲਿਆਂ ਨੂੰ ਪਲਾਟ ਦਿੱਤੇ ਹੋਏ ਹਨ ਅਤੇ ਇੰਨ੍ਹਾਂ ਨੂੰ ਦਿੱਤੀ ਗਈ ਥਾਂ ਤੇ ਤਬਦੀਲ ਕੀਤਾ ਜਾਵੇਗਾ। ਉਨਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਬੱਚੇ ਦੀ ਜਾਨ ਬਚ ਗਈ।
ਖੁੱਲੇ ਬੋਰ ਵੈਲ ਛੱਡਣ ਤੇ ਹੋਵੇਗੀ ਕਾਰਵਾਈ
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਲਈ ਐਸਡੀਐਮ ਫ਼ਜਿਲਕਾ ਨੂੰ ਕਿਹਾ ਗਿਆ ਹੈ। ਉਨ੍ਹਾਂ ਨੇ ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਬੋਰ ਵੈਲ ਇਸ ਤਰਾਂ ਖੁੱਲਾ ਨਾ ਛੱਡਣ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਤਰਾਂ ਬੋਰ ਵੈਲ ਖੁੱਲਾ ਪਾਇਆ ਗਿਆ ਤਾਂ ਮਾਲਕ ਦੇ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਘਟਨਾ ਦੀ ਮੈਜਿਸਟਰੇਟ ਜਾਂਚ ਦੇ ਹੁਕਮ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦਾਣਾ ਮੰਡੀ ਵਿੱਚ ਬੋਰਵੈਲ ਵਿੱਚ ਡਿੱਗੇ ਬੱਚੇ ਦੀ ਘਟਨਾ ਦੇ ਮਾਮਲੇ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਹ ਜਾਂਚ ਦਾ ਜਿੰਮਾ ਫਾਜ਼ਿਲਕਾ ਦੇ ਐਸਡੀਐਮ ਨੂੰ ਦਿੱਤਾ ਗਿਆ ਹੈ । ਉਹਨਾਂ ਨੂੰ ਤਿੰਨ ਦਿਨਾਂ ਦੇ ਵਿੱਚ ਜਾਂਚ ਮੁਕੰਮਲ ਕਰਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ।। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਾਇਰ ਬ੍ਰੀਗੇਡ ਅਤੇ ਐਨਜੀਓ ਦੀ ਟੀਮ ਜਿਸ ਨੇ ਤੇਜੀ ਨਾਲ ਕਾਰਵਾਈ ਕੀਤੀ ਉਸਨੂੰ ਸਨਮਾਨਿਤ ਕੀਤਾ ਜਾਵੇਗਾ।