- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਵੱਖ-ਵੱਖ ਮਸ਼ੀਨਾਂ ਤੇ ਦਿੱਤੀ ਜਾਵੇਗੀ ਸਬਸਿਡੀ
ਫਾਜ਼ਿਲਕਾ 20 ਜੂਨ : ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਵੱਖ-ਵੱਖ ਮਸ਼ੀਨਾਂ ਤੇ ਸਬਸਿਡੀ ਦਿੱਤੀ ਜਾਵੇਗੀ| ਜ਼ਿਲਾ ਫਾਜ਼ਿਲਕਾ ਦੇ ਸਬਸਿਡੀ ਲੈਣ ਦੇ ਚਾਹਵਾਨ ਕਿਸਾਨ ਮਿਤੀ 20 ਜੂਨ ਤੋਂ 20 ਜੁਲਾਈ 2023 ਤੱਕ ਆਪਣੀਆਂ ਅਰਜ਼ੀਆਂ ਆਨਲਾਈਨ ਪੋਰਟਲ agrimachinerypb.com ਤੇ ਦੇ ਸਕਦੇ ਹਨ| ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਨੇ ਦਿੱਤੀ| ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ ਵੱਖ ਮਸ਼ੀਨਾਂ ਜਿਵੇਂ ਕਿ ਸੁਪਰ ਐੱਸ.ਐੱਮ.ਐੱਸ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ/ ਸ਼ਰੈਡਰ/ਮਲਚਰ, ਸਮਾਰਟ ਸੀਡਰ, ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ, ਬੇਲਰ, ਰੇਕ, ਸਰਬ ਮਾਸਟਰ/ਰੋਟਰੀ ਸਲੈਸ਼ਰ, ਕਰਾਪ ਰੀਪਰ, ਉਲਟਾਵੇਂ ਪਲਾਓ ਤੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇਗੀ। ਸਬਸਿਡੀ ਦੀ ਦਰ ਸਕੀਮ ਦੀਆਂ ਗਾਈਡਲਾਈਨਜ਼ ਅਨੁਸਾਰ ਹੋਵੇਗੀ ਅਤੇ ਐੱਸ.ਸੀ. ਕਿਸਾਨਾਂ ਲਈ ਸਕੀਮ ਅਧੀਨ ਵੱਖਰੇ ਤੌਰ ਤੇ ਫੰਡ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਨਾ ਕੇਵਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਸਗੋਂ ਮਿੱਟੀ ਦੀ ਉਪਰਲੀ ਪਰਤ ’ਤੇ ਮਿੱਤਰ ਜੀਵਾਂ ਅਤੇ ਕੀਮਤੀ ਕੁਦਰਤੀ ਤੱਤ ਵੀ ਤਬਾਹ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰਬਰ 18001801551 ਤੇ ਖੇਤੀਬਾੜੀ ਸਬੰਧੀ ਸਲਾਹ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲ੍ਹੇ ਦੇ ਖੇਤੀਬਾੜੀ ਦਫਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।