- ਬਾਗ ਰਹਿੰਦਾ ਹੈ ਤੰਦਰੁਸਤ ਤੇ ਹਰਾ ਭਰਾ, ਰੂੜੀ ਪਾਉਣ ਦੀ ਨਹੀਂ ਪਈ ਲੋੜ
ਫਾਜਿ਼ਲਕਾ, 23 ਸਤੰਬਰ : ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਰਾਮਕੋਟ ਦਾ ਕਿਸਾਨ ਓਮ ਪ੍ਰਕਾਸ਼ ਭਾਂਬੂ ਪਿੱਛਲੇ 12 ਸਾਲ ਤੋਂ ਝੋਨੇ ਦੀ ਪਰਾਲੀ ਦੀ ਵਰਤੋਂ ਕਿਨੂੰ ਦੇ ਬਾਗ ਵਿਚ ਮਲਚਿੰਗ ਲਈ ਕਰਕੇ ਵਾਤਾਵਰਨ ਦਾ ਰਾਖਾ ਬਣਿਆ ਹੋਇਆ ਹੈ। ਉਸਦਾ ਬਾਗ ਸਿਹਤਮੰਦ ਹੈ ਅਤੇ ਉਸਨੂੰ ਪਰਾਲੀ ਦੀ ਵਰਤੋਂ ਕਰਨ ਕਰਕੇ ਬਾਗ ਨੂੰ ਰੂੜੀ ਪਾਉਣ ਦੀ ਲੋੜ ਨਹੀਂ ਪਈ। ਓਮ ਪ੍ਰਕਾਸ਼ ਭਾਂਬੂ ਜਿੰਨ੍ਹਾਂ ਦਾ ਪਰਿਵਾਰ 40 ਏਕੜ ਵਿਚ ਖੇਤੀ ਕਰਦਾ ਹੈ ਜਿਸ ਵਿਚੋਂ ਉਸਨੇ 20 ਏਕੜ ਵਿਚ ਕਿਨੂੰ ਦਾ ਬਾਗ ਲਗਾਇਆ ਹੋਇਆ ਹੈ। ਉਨ੍ਹਾਂ ਦੇ ਪਿੰਡ ਨਹਿਰੀ ਪਾਣੀ ਦੀ ਘਾਟ ਹੈ, ਇਸ ਲਈ ਉਨ੍ਹਾਂ ਨੇ ਜਿੱਥੇ ਬਾਗ ਵਿਚ ਤੁਪਕਾ ਸਿੰਚਾਈ ਪ੍ਰਣਾਲੀ ਲਗਾਈ ਹੈ ਉਥੇ ਹੀ ਪਰਾਲੀ ਰਾਹੀਂ ਉਹ ਮਲਚਿੰਗ ਕਰਕੇ ਬਾਗ ਵਿਚੋਂ ਘੱਟ ਪਾਣੀ ਨਾਲ ਵਧੇਰੇ ਆਮਦਨ ਲੈ ਰਹੇ ਹਨ।
ਬਾਗ ਵਿਚ ਪਰਾਲੀ ਦੀ ਮਲਚਿੰਗ ਕਰਨ ਦਾ ਤਰੀਕਾ
ਕਿਸਾਨ ਓਮ ਪ੍ਰਕਾਸ਼ ਭਾਂਬੂ ਨੇ ਦੱਸਿਆ ਕਿ ਉਹ ਇਕ ਏਕੜ ਵਿਚ ਲਗਭਗ 35 ਤੋਂ 40 ਕੁਇੰਟਲ ਪਰਾਲੀ ਪਾਉਂਦਾ ਹੈ। ਇਸ ਲਈ ਝੋਨੇ ਦੀ ਵਾਢੀ ਸਮੇਂ ਉਹ ਕੁਝ ਆਪਣੀ ਪਰਾਲੀ ਅਤੇ ਕੁਝ ਪਰਾਲੀ ਮੁੱਲ ਲੈ ਕੇ ਸਟੋਰ ਕਰ ਲੈਂਦਾ ਹੈ। ਫਿਰ ਮਾਰਚ ਮਹੀਨੇ ਵਿਚ ਉਹ ਬਾਗ ਵਿਚ ਗੋਡੀ ਕਰਕੇ ਅਤੇ ਖਾਦ ਆਦਿ ਪਾ ਕੇ ਕਿਨੂੰ ਦੇ ਬੂਟਿਆਂ ਥੱਲੇ ਪਰਾਲੀ ਦੀ ਮੋਟੀ ਤਹਿ ਵਿਛਾ ਦਿੰਦਾ ਹੈ।
ਬਾਗ ਵਿਚ ਮਲਚਿੰਗ ਦੇ ਲਾਭ
ਓਮ ਪ੍ਰਕਾਸ਼ ਭਾਂਬੂ ਆਖਦਾ ਹੈ ਕਿ ਇਸ ਤਰਾਂ ਜਮੀਨ ਢਕੀ ਜਾਂਦੀ ਹੈ ਅਤੇ ਜਮੀਨ ਤੋਂ ਪਾਣੀ ਭਾਫ ਬਣ ਕੇ ਘੱਟ ਉੱਡਦਾ ਹੈ। ਇਸ ਤਰਾਂ ਉਸਨੂੰ 35 ਤੋਂ 40 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ। ਮਈ ਜ਼ੂਨ ਵਿਚ ਧਰਤੀ ਵੱਲੋਂ ਪਰਿਵਰਤਤ ਹੁੰਦੀਆਂ ਕਿਰਨਾਂ ਦੀ ਗਰਮੀ ਨਾਲ ਬਾਗ ਨੂੰ ਨੁਕਸਾਨ ਘੱਟ ਹੁੰਦਾ ਹੈ। ਸਿੰਚਾਈ ਘੱਟ ਕਰਨੀ ਪੈਂਦੀ ਹੈ। ਸਾਲ ਭਰ ਵਿਚ ਪਰਾਲੀ ਬਾਗ ਦੀ ਮਿੱਟੀ ਵਿਚ ਮਿਲ ਕੇ ਖਾਦ ਬਣ ਜਾਂਦੀ ਹੈ ਅਤੇ ਉਸਨੂੰ ਰੂੜੀ ਦੀ ਖਾਦ ਨਹੀਂ ਪਾਉਣੀ ਪੈਂਦੀ। ਜਮੀਨ ਵਿਚ ਕਾਰਬਨਿਕ ਮਾਦਾ ਵੱਧਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਬਾਗ ਹਰਾ ਭਰਾ ਰਹਿੰਦਾ ਹੈ ਅਤੇ ਫਲ ਇਕਸਾਰ ਅਕਾਰ ਦੇ ਸਹੀ ਅਕਾਰ ਦੇ ਲੱਗਦੇ ਹਨ। ਜਮੀਨ ਵਿਚ ਪੋਟਾਸ਼ ਖਾਦ ਦੀ ਘਾਟ ਨਹੀਂ ਆਉਂਦੀ ਅਤੇ ਇਸ ਨਾਲ ਫਲਾਂ ਦੀ ਕੁਆਲਟੀ ਬਹੁਤ ਵਧੀਆ ਰਹਿੰਦੀ ਹੈ।
ਕੀ ਇਸ ਨਾਲ ਸਿਊਂਕ ਆਊਂਦੀ ਹੈ।
ਓਮ ਪ੍ਰਕਾਸ ਭਾਂਬੂ ਅਨੁਸਾਰ ਪਰਾਲੀ ਨਾਲ ਉਸਨੂੰ ਕਦੇ ਵੀ ਸਿਊਂਕ ਦੀ ਸਮੱਸਿਆ ਨਹੀਂ ਆਈ ਅਤੇ ਇਸਦਾ ਕੋਈ ਗਲਤ ਪ੍ਰਭਾਵ ਪਿੱਛਲੇ 12 ਸਾਲਾਂ ਵਿਚ ਉਸਨੂੰ ਕਦੇ ਵੀ ਵੇਖਣ ਨੂੰ ਨਹੀਂ ਮਿਲਿਆ।ਉਸਦੇ ਅਨੁਸਾਰ ਉਹ ਇਸ ਲਈ ਤਿੰਨ ਵਾਰ ਵਿਚ ਯੂਰੀਆ ਪਾਊਂਦੇ ਹਨ ਯੂਰੀਆਂ ਦੀ ਮਾਮੂਲੀ ਵੱਧ ਵਰਤੋਂ ਕਰਦੇ ਹਨ ਜਿਸ ਨਾਲ ਪਰਾਲੀ ਮਿੱਟੀ ਵਿਚ ਕਿਣਕਾ ਕਿਣਕਾ ਹੋ ਕੇ ਮਿਲ ਜਾਂਦੀ ਹੈ। ਉਹ ਖੇਤ ਦੀ ਵਹਾਈ ਬਹੁਤ ਘੱਟ ਕਰਦੇ ਹਨ।
ਕਿਸਾਨ ਲੈਣ ਓਮ ਪ੍ਰਕਾਸ਼ ਭਾਂਬੂ ਤੋਂ ਸੇਧ—ਡਿਪਟੀ ਕਮਿਸ਼ਨਰ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਓਮ ਪ੍ਰਕਾਸ਼ ਭਾਂਬੂ ਦੀ ਮਿਹਨਤ ਨੂੰ ਸਿਜਦਾ ਕਰਦਿਆਂ ਕਿਹਾ ਹੈ ਕਿ ਹੋਰ ਕਿਸਾਨ ਉਸਤੋਂ ਸੇਧ ਲੈ ਕੇ ਪਰਾਲੀ ਦੀ ਵਰਤੋਂ ਬਾਗਾਂ ਵਿਚ ਮਲਚਿੰਗ ਲਈ ਕਰਨ।ਬਾਗਬਾਨੀ ਵਿਕਾਸ ਅਫ਼ਸਰ ਸੌਪਤ ਰਾਮ ਸਹਾਰਨ ਨੇ ਕਿਹਾ ਕਿ ਬਾਗਾਂ ਦੇ ਨਾਲ ਨਾਲ ਸਬਜੀਆਂ ਵਿਚ ਵੀ ਪਰਾਲੀ ਦੀ ਵਰਤੋਂ ਮਲਚਿੰਗ ਲਈ ਕੀਤੀ ਜਾ ਸਕਦੀ ਹੈ।