- ਸਾਲ 2022 ਵਿੱਚ 7000 ਟਨ ਪਰਾਲੀ ਦੀਆਂ ਗੱਠਾਂ ਵਿੱਚੋਂ ਕੀਤੀ ਵਧੀਆ ਕਮਾਈ ਤੇ ਪੈਦਾ ਕੀਤੇ ਹੋਰਨਾਂ ਲਈ ਰੋਜਗਾਰ ਦੇ ਸਾਧਨ, ਮੁੱਖ ਖੇਤੀਬਾੜੀ ਅਫ਼ਸਰ
- 2023 ਵਿੱਚ ਤਕਰੀਬਨ 10,000 ਟਨ ਪਰਾਲੀ ਦੀਆਂ ਗੰਢਾਂ ਬਣਾਉਣ ਦਾ ਟੀਚਾ
ਬਰਨਾਲਾ, 28 ਅਕਤੂਬਰ : ਕਹਿੰਦੇ ਹੈ ਜਦ ਮਿਹਨਤ ਕਰਨ ਦੀ ਲਗਨ ਹੋਵੇ ਤਾਂ ਮਿੱਟੀ ਵੀ ਸੋਨਾ ਬਣ ਜਾਂਦੀ, ਜਦ ਵਾਤਾਵਰਣ ਦੇ ਸਾਂਭ ਸੰਭਾਲ ਦੀ ਲਗਨ ਲੱਗੇ ਤਾਂ ਰਹਿੰਦ ਖੂੰਹਦ ਵੀ ਬਣ ਜਾਂਦੀ ਹੈ ਸੋਨਾ। ਇਸ ਗੱਲ ਨੂੰ ਸੱਚ ਕਰ ਰਿਹਾ ਹੈ ਧੌਲਾ ਵਾਸੀ ਕਿਸਾਨ ਕਰਮਜੀਤ ਸਿੰਘ ਜਿਹੜਾ ਪਰਾਲੀ ਦੀ ਸਾਂਭ ਬਿਨਾਂ ਅੱਗ ਲਗਾਏ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਮਜੀਤ ਸਿੰਘ ਵਾਸੀ ਧੌਲਾ ਪਰਾਲੀ ਦੀ ਸੰਭਾਲ ਕਰਕੇ ਜ਼ਿਲ੍ਹਾ ਬਰਨਾਲਾ ਨੂੰ ਜਿੱਥੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ, ਉੱਥੇ ਪਰਾਲੀ ਦੀਆਂ ਗੰਢਾਂ ਬਣਾਕੇ ਆਪ ਵਧੀਆ ਕਮਾਈ ਕਰ ਰਿਹਾ ਹੈ ਤੇ ਹੋਰਨਾਂ ਲਈ ਵੀ ਰੋਜਗਾਰ ਦੇ ਸਾਧਨ ਪੈਦਾ ਕਰ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਸਾਲ 2019—20 ਵਿੱਚ ਬੇਲਰ 'ਤੇ ਸਬਸਿਡੀ ਦਿੱਤੀ ਗਈ ਸੀ। ਜਿਸ ਦਾ ਲਾਭਪਾਤਰੀ ਨੇ ਵਧੀਆ ਲਾਭ ਲਿਆ ਅਤੇ ਉਹ ਪਿਛਲੇ 5 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਬਲਕਿ ਹੋਰਨਾਂ ਕਿਸਾਨਾਂ ਦੇ ਖੇਤਾਂ ਵਿੱਚ ਪਰਾਲੀ ਦੀਆਂ ਗੰਢਾਂ ਬਣਾ ਕੇ ਇਸ ਤੋਂ ਕਮਾਈ ਕਰ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਜਾਣਕਾਰੀ ਦਿੱਤੀ ਕਿ ਕਰਮਜੀਤ ਸਿੰਘ ਨੇ ਸਾਲ 2022 ਵਿੱਚ ਬਰਨਾਲਾ ਜ਼ਿਲ੍ਹੇ ਵਿੱਚ ਲਗਭਗ 7000 ਟਨ ਪਰਾਲੀ ਦੀਆਂ ਗੰਢਾਂ (ਧੌਲਾ, ਰੂੜੇਕੇ, ਫਹਿਤਗੜ ਛੰਨਾ, ਠੀਕਰੀਵਾਲ ਅਤੇ ਆਸ ਪਾਸ) ਬਣਾਈਆਂ ਸਨ, ਜਿਨ੍ਹਾਂ ਨੂੰ ਉਸਨੇ ਟਰਾਈਡੈਂਟ ਗਰੁੱਪ, ਸੁਖਬੀਰ ਐਗਰੋ ਕੈਥਲ ਤੇ ਜੈਤੋ, ਪੇਪਰ ਮਿੱਲ, ਗਣਪਤੀ ਬੋਰਡ ਸੈੱਲ ਨੂੰ ਵੇਚਿਆ ਸੀ, ਜਿਸ ਵਿੱਚੋਂ ਕਿਸਾਨ ਨੂੰ ਵਧੀਆ ਕਮਾਈ ਹੋਈ ਸੀ। ਸਾਲ 2023 ਵਿੱਚ ਕਿਸਾਨ ਵੱਲੋਂ ਲਗਭਗ 10,000 ਟਨ ਪਰਾਲੀ ਦੀਆਂ ਗੰਢਾਂ ਬਣਾਉਣ ਦਾ ਟੀਚਾ ਹੈ। ਕਿਸਾਨ ਕਰਮਜੀਤ ਸਿੰਘ ਨੇ ਕਿਹਾ ਕਿ ਕਰਮਜੀਤ ਸਿੰਘ ਹੋਰ ਬੇਲਰ ਮਾਲਕਾਂ ਨਾਲ ਵੀ ਤਾਲਮੇਲ ਕਰਦਾ ਹੈ, ਜਿਹੜੇ ਬੇਲਰ ਮਾਲਕਾਂ ਦਾ ਕਿਸੇ ਕੰਪਨੀ ਨਾਲ ਕੋਈ ਸਮਝੌਤਾ ਨਹੀਂ ਹੋਇਆ ਉਹ ਉਸ ਨਾਲ ਤਾਲਮੇਲ ਕਰਕੇ ਆਪਣਾ ਮਾਲ ਉਸ ਨੂੰ ਦੇ ਸਕਦੇ ਹਨ। ਕਰਮਜੀਤ ਸਿੰਘ ਵੱਲੋਂ ਬੇਲਰ ਅਤੇ ਸੁਪਰ ਸੀਡਰ ਵਾਲੇ ਕਿਸਾਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਮਸ਼ੀਨਰੀ ਨੂੰ ਵੱਧ ਤੋਂ ਵੱਧ ਖੇਤਾਂ ਵਿੱਚ ਚਲਾ ਕੇ, ਕਿਰਾਏ ‘ਤੇ ਦੇ ਕੇ ਵਧੀਆ ਆਮਦਨ ਪ੍ਰਾਪਤ ਕਰ ਸਕਦੇ ਹਨ।