ਲੁਧਿਆਣਾ, 14 ਸਤੰਬਰ : ਕੈਬਨਿਟ ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ.ਵੀਰਪਾਲ ਕੌਰ ਦੀ ਰਹਿਨੁਮਾਈ ਵਿੱਚ ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਪ੍ਰਸਾਰ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਕੜੀ ਤਹਿਤ ਵਿਭਾਗ ਵੱਲੋਂ ਵਿਦਿਆਰਥੀਆਂ ਅੰਦਰ ਸਾਹਿਤ ਅਤੇ ਸਿਰਜਣਾ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨ ਦੇ ਮਨੋਰਥ ਨਾਲ਼ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਸ੍ਰੀ ਸੁਖਜੀਤ ਨਾਲ਼ ਰੁ-ਬ-ਰੂ ਸਮਾਗਮ ਸਰਕਾਰੀ ਕਾਲਜ ਮਾਛੀਵਾੜਾ ਵਿਖੇ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ. ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਸੁਖਜੀਤ ਨੇ ਆਪਣੀ ਸਿਰਜਣ ਸਮਰੱਥਾ ਨਾਲ਼ ਇਲਾਕੇ ਅਤੇ ਪੰਜਾਬੀ ਭਾਸ਼ਾ ਦਾ ਮਾਣ ਵਧਾਇਆ ਹੈ। ਉਹਨਾਂ ਨੂੰ ਪੁਸਤਕ ‘ਮੈਂ ਅਯਾਨਘੋਸ਼ ਨਹੀਂ’ ਲਈ ਭਾਰਤ ਸਰਕਾਰ ਵੱਲੋਂ ਸਾਲ 2022 ਦੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ਼ ਸਨਮਾਨਿਆ ਗਿਆ ਹੈ। ਇਸ ਤੋਂ ਪਹਿਲਾਂ ਸ੍ਰੀ ਸੁਖਜੀਤ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਨਾਨਕ ਸਿੰਘ ਪੁਰਸਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਅਜਿਹੀ ਸਖ਼ਸ਼ੀਅਤ ਨੂੰ ਮਿਲ਼ਣਾ ਵਿਦਿਆਰਥੀਆਂ ਲਈ ਮਹੱਤਵਪੂਰਨ ਅਤੇ ਯਾਦਗਾਰੀ ਪਲ ਹਨ। ਸਮਾਗਮ ਲਈ ਸਰਕਾਰੀ ਕਾਲਜ ਮਾਛੀਵਾੜਾ ਪ੍ਰਿੰਸੀਪਲ ਦੀਪਕ ਚੋਪੜਾ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕਮਲਜੀਤ ਕੌਰ ਬਾਂਗਾ ਅਤੇ ਖੋਜ ਅਫ਼ਸਰ ਸ਼੍ਰੀ ਸੰਦੀਪ ਸਿੰਘ ਦੁਆਰਾ ਸੁਚੱਜਾ ਪ੍ਰਬੰਧ ਕੀਤਾ ਗਿਆ। ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾ ਕਹਾਣੀਕਾਰ ਸ਼੍ਰੀ ਸੁਖਜੀਤ, ਉਹਨਾਂ ਦੀ ਸ਼ਰੀਕੇ ਹਯਾਤ ਸ਼੍ਰੀਮਤੀ ਗੁਰਦੀਪ ਕੌਰ, ਕਹਾਣੀਕਾਰ ਸੁਰਿੰਦਰ ਰਾਮਪੁਰੀ, ਬਲਵਿੰਦਰ ਗਰੇਵਾਲ, ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਅਨਿਲ ਫਤਿਹਗੜ ਜੱਟਾਂ, ਸ.ਊਧਮ ਸਿੰਘ, ਕਹਾਣੀਕਾਰਾ ਯਤਿੰਦਰ ਮਾਹਲ, ਸ਼ਾਇਰਾ ਨੀਤੂ ਰਾਮਪੁਰ, ਰੰਗਕਰਮੀ ਰਾਜਵਿੰਦਰ ਸਮਰਾਲਾ, ਵੀਨੀਸ਼ ਗੋਇਲ ਦਾ ਰਸਮੀ ਸਵਾਗਤ ਕਰਦੇ ਹੋਏ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ, ਸਾਹਿਤ ਪੜ੍ਹਨ ਦਾ ਸੰਦੇਸ਼ ਦਿੱਤਾ। ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਅੱਜ ਦੇ ਇਸ ਸਾਹਿਤਕ ਸਮਾਗਮ ਨੂੰ ਅਜੋਕੇ ਸਮੇਂ ਦੀ ਲੋੜ ਦੱਸਦਿਆਂ ਸੁਖਜੀਤ ਦੇ ਸਮਕਾਲੀ ਹੋਣ 'ਤੇ ਮਾਣ ਮਹਿਸੂਸ ਕੀਤਾ। ਢਾਹਾਂ ਪੁਰਸਕਾਰ ਜੇਤੂ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਸੁਖਜੀਤ ਹੋਰਾਂ ਬਾਰੇ ਗੱਲ ਅਰੰਭ ਕਰਦਿਆਂ ਉਹਨਾਂ ਦੇ ਔਕੜਾਂ ਭਰੇ ਜੀਵਨ 'ਤੇ ਝਾਤ ਪਵਾਉਂਦੇ ਹੋਏ ਉਹਨਾਂ ਦੀਆਂ ਕਹਾਣੀਆਂ ਨੂੰ ਅੱਜ ਦੇ ਸਮਾਜ ਦੀਆਂ ਕਹਾਣੀਆਂ ਦੱਸਿਆ। ਕਹਾਣੀਕਾਰ ਸੁਖਜੀਤ ਨੇ ਵਿਦਿਆਰਥੀਆਂ ਨਾਲ਼ ਰੂ-ਬ-ਰੂ ਹੁੰਦਿਆਂ ਆਪਣੀ ਲਿਖਣ ਪ੍ਰਕਿਰਿਆ ਬਾਰੇ, ਜ਼ਿੰਦਗੀ ਦੀਆਂ ਤਲਖ਼ ਤੇ ਕੌੜੀਆਂ ਯਾਦਾਂ ਬਾਰੇ ਗੱਲ ਕੀਤੀ ਉੱਥੇ ਹੀ ਮਾਛੀਵਾੜਾ ਦੇ ਇਤਿਹਾਸਕ ਪੱਖ ਤੇ ਵੀ ਰੋਸ਼ਨੀ ਪਾਈ। ਸੁਖਜੀਤ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਦੁਨੀਆ ਵਿੱਚ ਜਾਂ ਜ਼ਿੰਦਗੀ ਵਿੱਚ ਕੁੱਝ ਵੀ ਅਸੰਭਵ ਨਹੀਂ, ਬੱਸ ਸਾਡੇ ਵਿੱਚ ਹਿੰਮਤ, ਹੌਸਲਾ ਤੇ ਕੁੱਝ ਕਰਨ ਦੀ ਚਾਹਤ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਦੁਆਰਾ ਪੁੱਛੇ ਸਵਾਲਾ ਦਾ ਸੁਖਜੀਤ ਹੋਰਾਂ ਨੇ ਬੇਬਾਕੀ ਤੇ ਵਿਸਥਾਰ ਨਾਲ਼ ਜਵਾਬ ਦਿੱਤਾ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਸਾਹਿਤਕ ਖੇਤਰ ਵਿੱਚ ਸੁਖਜੀਤ ਹੋਰਾਂ ਦਾ ਕਾਰਜ ਵੱਡਾ ਹੈ ਉੱਥੇ ਹੀ ਉਹਨਾਂ ਨੇ ਪੰਜਾਬ ਦੀ ਸਾਹਿਤ ਸਭਾਈ ਸੱਭਿਆਚਾਰ ਦੀ ਅਮੀਰ ਪ੍ਰੰਪਰਾ ਨੂੰ ਸੰਭਾਲਿਆ ਹੋਇਆ ਹੈ। ਸੁਖਜੀਤ ਹੋਰਾਂ ਦੀ ਸਾਹਿਤ , ਸਿਰਜਣਾ ਅਤੇ ਭਾਸ਼ਾ ਪ੍ਰਤੀ ਡੂੰਘੀ ਸਮਝ ਉਹਨਾਂ ਨਾਲ਼ ਜੁੜੇ ਸਾਹਿਤ ਦੇ ਸਿਖਾਂਦਰੂਆਂ ਲਈ ਗਿਆਨ ਦੇ ਨਵੇਂ ਬੂਹੇ ਖੋਲ੍ਹਦੀ ਹੈ। ਇਸ ਸਮਾਗਮ ਦਾ ਮੰਚ ਸੰਚਾਲਨ ਡਾ ਕਮਲਜੀਤ ਕੌਰ ਬਾਂਗਾ ਵੱਲੋ ਬਾਖ਼ੂਬੀ ਕੀਤਾ ਗਿਆ। ਸਹਾਇਕ ਪ੍ਰੋ ਰਮਨਜੀਤ ਕੌਰ, ਅਜੈ ਬੱਤਾ, ਰਾਜਕੁਮਾਰ, ਦੀਕਸ਼ਾ ਸਿੰਧਵਾਨੀ ਤੇ ਰਿਸਰੋਸ ਪਰਸਨ ਨੇਹਾ, ਦੀਪੀਕਾ ਨਾਗਪਲ, ਕਵਿਤਾ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ਼ ਇਹ ਇੱਕ ਸਫਲ ਉਪਰਾਲਾ ਹੋ ਨਿਬੜਿਆ।