ਪਰਵਾਸ ਦਾ ਯੂਰਪ ਭਾਗ-2 ਵਿਸ਼ੇਸ਼ ਅੰਕ ਸ ਪ ਸਿੰਘ, ਸ਼ੇਰਗਿੱਲ, ਗੋਰਾਇਆ ਤੇ ਰਹਿਲ ਵੱਲੋਂ ਲੋਕ ਅਰਪਣ

ਲੁਧਿਆਣਾ : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅੱਜ ਪਰਵਾਸ ਮੈਗਜ਼ੀਨ ਦਾ ਯੂਰਪ ਭਾਗ-2 ਵਿਸ਼ੇਸ਼ ਅੰਕ ਜਿਸ ਵਿਚ ਬਰਤਾਨੀਆ ਦੇ ਪੰਜਾਬੀ ਲੇਖਕਾਂ, ਸਾਹਿਤ ਅਤੇ ਸਾਹਿਤ ਸਭਾਵਾਂ ਬਾਰੇ ਜਾਣਕਾਰੀ ਹੈ ਲੋਕ ਅਰਪਣ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੌਮਾਂਤਰੀ ਪੱਧਰ ਦੇ ਪੱਤਰਕਾਰ ਸ. ਨਰਪਾਲ ਸਿੰਘ ਸ਼ੇਰਗਿੱਲ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸ. ਧਰਮ ਸਿੰਘ ਗੋਰਾਇਆ (ਅਮਰੀਕਾ) ਤੇ ਸ. ਦਲਜਿੰਦਰ ਸਿੰਘ ਰਹਿਲ (ਇਟਲੀ) ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਆਰੰਭ ਵਿਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਰਸਮੀ ਤੌਰ ’ਤੇ ਜੀ ਆਇਆਂ ਕਿਹਾ ਅਤੇ ਪਰਵਾਸ ਦੇ ਇਸ ਅੰਕ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਅੰਕ ਵਿਚ ਬਰਤਾਨੀਆ ਵੱਸਦੇ 100 ਤੋਂ ਵਧੇਰੇ ਪਰਵਾਸੀ ਲੇਖਕਾਂ ਦਾ ਜੀਵਨ ਬਿਓਰਾ ਤੇ ਹੁਣ ਤੱਕ ਉਨ੍ਹਾਂ ਦੀ ਸਾਹਿਤਕ ਦੇਣ ਬਾਰੇ ਵੇਰਵਾ ਹੈ ਅਤੇ ਇਸ ਦੇ ਨਾਲ ਬਰਤਾਨੀਆ ਵਿਚ ਕਾਰਜਸ਼ੀਲ ਸਾਹਿਤ ਸਭਾਵਾਂ ਉਨ੍ਹਾਂ ਦੀ ਸਥਾਪਨਾ, ਉਦੇਸ਼ ਤੇ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਮੁੱਲਵਾਨ ਜਾਣਕਾਰੀ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਅਤੇ ਪਰਵਾਸ ਦੇ ਮੁੱਖ ਸਲਾਹਕਾਰ ਨੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਪਰਵਾਸ ਮੈਗਜ਼ੀਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਮੈਗਜ਼ੀਨ ਨੇ ਵਿਸ਼ਵ ਭਰ ਵਿਚ ਆਪਣੀ ਅਲਗ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅੰਕ ਵਿਚ ਬਰਤਾਨੀਆ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ, ਅਜੋਕੇ ਪੰਜਾਬੀ ਸਾਹਿਤ ਤੇ ਆਲੋਚਨਾ ਬਾਰੇ ਮੁੱਲਵਾਨ ਲੇਖ ਸ਼ਾਮਿਲ ਕੀਤੇ ਗਏ ਹਨ। ਸ. ਨਰਪਾਲ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਵਿਸ਼ਵ ਭਰ ਵਿਚ ਵੱਸਦੇ ਪਰਵਾਸੀ ਪੰਜਾਬੀ ਲੇਖਕਾਂ ਦਾ ਵਿਸ਼ਵਕੋਸ਼ ਤਿਆਰ ਕਰਨ ਦਾ ਉਪਰਾਲਾ ਪ੍ਰਸੰਸਾਯੋਗ ਹੈ। ਉਨ੍ਹਾਂ ਨੇ ਪਰਵਾਸੀਆਂ ਨੂੰ ਦਰਪੇਸ਼ ਵਿਿਭੰਨ ਚੁਣੌਤੀਆਂ ਬਾਰੇ ਚਰਚਾ ਕੀਤੀ। ਸ. ਧਰਮ ਸਿੰਘ ਗੋਰਾਇਆ ਨੇ ਆਪਣੇ ਸਿਰਜਣਾ ਸੰਸਾਰ ਅਤੇ ਪੰਜਾਬ ਦੇ ਲੋਕ ਨਾਇਕਾਂ ਦੁੱਲਾ ਭੱਟੀ ਅਤੇ ਜੱਗਾ ਸੂਰਮਾ ਬਾਰੇ ਕੀਤੇ ਖੇਤਰੀ ਖੋਜ ਕਾਰਜ ਦੇ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ। ਇਟਲੀ ਤੋਂ ਆਏ ਪੰਜਾਬੀ ਕਵੀ ਦਲਜਿੰਦਰ ਰਹਿਲ ਨੇ ਇਸ ਮੌਕੇ ਕਿਹਾ ਕਿ ਇੰਗਲੈਂਡ ਨੂੰ ਛੱਡ ਕੇ ਬਾਰੀ ਯੂਰਪ ਵਿਚ ਵੱਸਦੇ ਲੇਖਕਾਂ ਨੂੰ ਪਾਠਕਾਂ ਸਨਮੁੱਖ ਕਰਨ ਵਿਚ ਪਰਵਾਸੀ ਸਾਹਿਤ ਅਧਿਐਨ ਕੇਂਦਰ ਦਾ ਵੱਡਾ ਰੋਲ ਹੈ। ਉਨ੍ਹਾਂ ਨੇ ਕਿਹਾ ਕਿ 09 ਅਕਤੂਬਰ ਨੂੰ ਇਟਲੀ ਵਿਚ ਹੋਈ ਦੂਜੀ ਯੂਰਪੀ ਪੰਜਾਬੀ ਕਾਨਫ਼ਰੰਸ ਵਿਚ ਵੀ ਇਸ ਸੰਸਥਾ ਦਾ ਸਹਿਯੋਗ ਉਨ੍ਹਾਂ ਨੂੰ ਨਿਰੰਤਰ ਮਿਲਿਆ ਹੈ। ਕਾਲਜ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸਭਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਭਵਿੱਖ ਵਿਚ ਵੀ ਨਿਰੰਤਰ ਅਜਿਹੀਆਂ ਸਰਗਰਮੀਆਂ ਉਲੀਕਦਾ ਰਹੇਗਾ। ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾ. ਤੇਜਿੰਦਰ ਕੌਰ ਨੇ ਉਨ੍ਹਾਂ ਸਭ ਬਰਤਾਨਵੀ ਲੇਖਕਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਇਸ ਅੰਕ ਲਈ ਆਪਣਾ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਪੋ੍. ਮਨਜੀਤ ਸਿੰਘ ਡਾਇਰੈਕਟਰ ਜੀ. ਜੀ. ਐਨ. ਆਈ. ਐਮ. ਟੀ., ਡਾ. ਗੁਰਇਕਬਾਲ ਸਿੰਘ, ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਸਕੱਤਰ ਗੁਰਚਰਨ ਕੌਰ ਕੌਚਰ, ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਸ਼ਰਨਜੀਤ ਕੌਰ, ਪ੍ਰੋ. ਰਜਿੰਦਰ ਕੌਰ ਮਲਹੋਤਰਾ, ਪੋ੍. ਮਨਜੀਤ ਸਿੰਘ ਬਟਾਲਵੀ, ਪੋ੍. ਹਰਜਿੰਦਰ ਸਿੰਘ, ਪੋ੍. ਅਰਵਿੰਦਰ ਕੌਰ, ਡਾ. ਪਰਮਜੀਤ ਸਿੰਘ, ਡਾ. ਗੁਰਦਾਸ ਸਿੰਘ, ਪੋ੍. ਤਲਵਿੰਦਰ ਕੌਰ, ਪੋ੍. ਬਿਸਮਨਜੀਤ ਸਿੰਘ, ਡਾਃ ਮਨਦੀਪ ਕੌਰ ਰੰਧਾਵਾ, ਇੰਜਃ ਸੂਰਜ ਸਿੰਘ ਨੱਤ,ਪੋ੍. ਗੁਰਦੀਪ ਸਿੰਘ, ਪ੍ਰੋ. ਨਿਧੀ ਭਨੋਟ ਤੇ ਰਾਜਿੰਦਰ ਸਿੰਘ ਸੰਧੂ ਵੀ ਹਾਜ਼ਰ ਸਨ।