ਬਠਿੰਡਾ, 7 ਜੂਨ : ਸੂਬੇ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ) ਵਿਖੇ ਪੰਜਾਬ ਦੀ ਪਲੇਠੀ ਬੀਸੀਐਲ ਇੰਡਸਟ੍ਰੀਜ਼ ਲਿਮ. ਦੁਆਰਾ 56 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਬੀਸੀਐਲ ਏਆਈਸੀਟੀਈ ਆਈਡੀਆ ਲੈਬ ਦਾ ਆਨ-ਲਾਇਨ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਰੋੜੀ ਵਲੋਂ ਇੱਥੇ ਪਹੁੰਚ ਕੇ ਉਦਘਾਟਨ ਕੀਤਾ ਗਿਆ। ਆਲ ਇੰਡੀਆ ਕਾਊਂਸਲ ਫਾਰ ਟੈਕਨੀਕਲ ਐਜੂਕੇਸ਼ਨ ਵਲੋਂ ਬੀਸੀਐਲ ਇੰਡਸਟ੍ਰੀਜ਼ ਲਿਮ. ਦੇ ਸਹਿਯੋਗ ਨਾਲ ਤਿਆਰ ਕਰਵਾਈ ਗਈ ਇਸ ਲੈਬ ਦੇ ਉਦਘਾਟਨੀ ਸਮਾਰੋਹ ਮੌਕੇ ਬਠਿੰਡਾ (ਸ਼ਹਿਰੀ) ਵਿਧਾਇਕ ਸ. ਜਗਰੂਪ ਸਿੰਘ ਗਿੱਲ, ਬੀਸੀਐਲ ਇੰਡਸਟ੍ਰੀਜ਼ ਲਿਮ. ਦੇ ਐਮਡੀ ਸ਼੍ਰੀ ਰਾਜਿੰਦਰ ਮਿੱਤਲ, ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਸ੍ਰੀ ਨੀਲ ਗਰਗ ਤੇ ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ ਸ਼੍ਰੀ ਅੰਮ੍ਰਿਤਲਾਲ ਅਗਰਵਾਲ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੌਕੇ ਆਨਲਾਈਨ ਮੋਡ ਰਾਹੀਂ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਤੇ ਉੱਤਰੀ ਭਾਰਤ ਦੇ ਵਿਦਿਆਰਥੀਆਂ ਲਈ ਬੀ.ਸੀ.ਐੱਲ.-ਏ.ਆਈ.ਸੀ.ਟੀ.ਈ.ਆਇਡੀਆ ਲੈਬ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਆਈਡੀਆ ਲੈਬ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਾਇੰਸ, ਟੈਕਨਾਲੋਜੀ, ਗਣਿਤ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਇਨੋਵੇਟ ਅਤੇ ਐਕਸਲ ਕਰਨ ਦਾ ਮੌਕਾ ਦੇਣਾ ਹੈ ਤਾਂ ਜੋ ਉਹ ਵੱਖ-ਵੱਖ ਖੇਤਰਾਂ ਵਿੱਚ ਆਪਣੇ ਨਵੇਂ ਵਿਚਾਰ ਅਤੇ ਤਜ਼ਰਬਿਆਂ ਨੂੰ ਵਿਕਸਿਤ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੀ ਪਹਿਲੀ ਲੈਬ ਦਾ ਹੋਣਾ ਪੂਰੇ ਪੰਜਾਬ ਅਤੇ ਮਾਲਵਾ ਖੇਤਰ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਬੀਸੀਐਲ ਇੰਡਸਟ੍ਰੀਜ਼ ਲਿਮ. ਵਲੋਂ ਕੀਤੇ ਗਏ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਲੈਬ ਨੌਜਵਾਨਾਂ ਵਲੋਂ ਸੋਚੇ ਗਏ ਨਵੇਂ-ਨਵੇਂ ਆਈਡੀਅਜ਼ ਨੂੰ ਪੂਰੇ ਕਰਨ ਲਈ ਸਹਾਈ ਸਿੱਧ ਹੋਵੇਗੀ। ਉਨ੍ਹਾਂ ਇਸ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਸਿੱਖਿਆ ਦੇ ਖੇਤਰ ਵਿੱਚ ਚੰਗੇ ਨਾਗਰਿਕ ਪੈਦਾ ਕਰਨ ਲਈ ਕਿਸੇ ਪੱਖੋਂ ਵੀ ਪਿਛੇ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਲੈਬ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਹੋਰ ਅੱਗੇ ਵਧਣ ਲਈ ਵਧੀਆ ਮੌਕੇ ਪ੍ਰਦਾਨ ਕਰਨ ਚ ਮੀਲ ਪੱਥਰ ਸਾਬਤ ਹੋਵੇਗੀ। ਸਮਾਗਮ ਉਪਰੰਤ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਵਿਦਿਆਰਥੀਆਂ ਦੇ ਆਈਡੀਆ ਨੂੰ ਪੂਰਾ ਕਰਨ ਚ ਵੱਡਾ ਰੋਲ ਅਦਾ ਕਰੇਗੀ। ਉਨ੍ਹਾਂ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਬੱਚੇ ਵਿਦੇਸ਼ਾ ਵੱਲ ਜਾਣ ਦੀ ਬਜਾਏ ਨਵੇਂ-ਨਵੇਂ ਆਈਡੀਆ ਨੂੰ ਪੂਰਾ ਕਰਨ ਲਈ ਪੰਜਾਬ ਦੀ ਧਰਤੀ ਤੇ ਹੀ ਰਹਿਣਾ ਪਸੰਦ ਕਰਨਗੇ। ਇਸ ਦੌਰਾਨ ਉਨ੍ਹਾਂ ਆਈਡੀਆ ਲੈਬ ਦਾ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਵਿਦਿਆਰਥੀਆਂ ਦੀ ਹੌਂਸਲਾ-ਅਫ਼ਜਾਈ ਵੀ ਕੀਤੀ। ਇਸ ਤੋਂ ਪਹਿਲਾਂ ਹਲਕੇ ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਬੀਸੀਐਲ ਲਿਮ. ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਿਹਾ ਕਿ ਬਠਿੰਡਾ ਜਿਸ ਨੂੰ ਕਦੇ ਸਿੱਖਿਆ ਦੇ ਖੇਤਰ ਵਿੱਚ ਪਛੜਿਆਂ ਕਿਹਾ ਜਾਂਦਾ ਸੀ, ਪਰ ਮੌਜੂਦਾ ਸਮੇਂ ਸਿੱਖਿਆ ਦੇ ਖੇਤਰ ਚ ਆਪਣੀਆਂ ਵਿਸ਼ੇਸ਼ ਪਹਿਲਕਦਮੀਆਂ ਕਰਕੇ ਦੁਨੀਆਂ ਦੇ ਨਕਸ਼ੇ ਤੇ ਉਭਰ ਰਿਹਾ ਹੈ।
ਇਸ ਤੋਂ ਪਹਿਲਾਂ ਐਮਆਰਐਸਪੀਟੀਯੂ ਦੇ ਵਾਇਸ ਚਾਂਸਲਰ ਸ. ਬੂਟਾ ਸਿੰਘ ਵਲੋਂ ਯੂਨੀਵਰਸਿਟੀ ਦੁਆਰਾ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ ਤੇ ਯੂਨੀਵਰਸਿਟੀ ਦੇ ਸਾਲ 2023-24 ਲਈ ਦਾਖਲਾ ਪੋਰਟਲ ਵੀ ਲਾਂਚ ਕੀਤਾ। ਇਸ ਤੋਂ ਪਹਿਲਾਂ ਬੀਸੀਐਲ ਇੰਡਸਟ੍ਰੀਜ਼ ਲਿਮ. ਦੇ ਐਮ.ਡੀ. ਸ਼੍ਰੀ ਰਾਜਿੰਦਰ ਮਿੱਤਲ ਵਲੋਂ ਸਮਾਜ ਭਲਾਈ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਅਤੇ ਆਈਡੀਆ ਲੈਬ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ ਗਿਆ। ਇਸ ਦੌਰਾਨ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ 4.5 ਕਰੋੜ ਦੀ ਲਾਗਤ ਨਾਲ ਖੇਲੋਂ ਇੰਡੀਆ ਸਕੀਮ ਤਹਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਮਲਟੀਪਰਪਜ਼ ਇੰਡੋਰ ਸਪੋਰਟਸ ਹਾਲ ਦਾ ਆਨਲਾਇਨ ਨੀਂਹ ਪੱਥਰ ਰੱਖਣ ਮੌਕੇ ਕਿਹਾ ਕਿ ਇਸ ਨਾਲ ਮਾਲਵੇ ਵਿੱਚ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਵੱਧਣ ਲਈ ਹੋਰ ਮੌਕੇ ਮਿਲਣਗੇ। ਇਸ ਮੌਕੇ ਮੁੱਖ ਮਹਿਮਾਨ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਯਾਦਗਾਰੀ ਸਨਮਾਨ ਚਿੰਨਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਪੇਸ਼ ਕੀਤਾ ਗਿਆ। ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਸ. ਗੁਰਇੰਦਰਪਾਲ ਸਿੰਘ ਢਿੱਲੋਂ, ਤਹਿਸੀਲਦਾਰ ਸ. ਬੇਅੰਤ ਸਿੰਘ ਸਿੱਧੂ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ. ਇੰਦਰਜੀਤ ਸਿੰਘ, ਐਸਡੀਓ ਸ਼੍ਰੀ ਆਮੁੱਲਿਆ ਗਰਗ, ਐਮਸੀ ਸੁਖਦੀਪ ਸਿੰਘ ਢਿੱਲੋਂ, ਆਪ ਆਗੂ ਬੱਲੀ ਬਲਜੀਤ ਤੋਂ ਇਲਾਵਾ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਵਿਦਿਆਰਥੀ ਆਦਿ ਹਾਜ਼ਰ ਸਨ।