
ਲੁਧਿਆਣਾ 12 ਦਸੰਬਰ, 2024 : ਅਮਰੀਕਾ ਦੇ ਬੇਥੈਸਡਾ ਰਾਸ਼ਟਰੀ ਕੈਂਸਰ ਅਤੇ ਸਿਹਤ ਸੰਸਥਾਨ ਵਿਚ ਕਾਰਜ ਕਰਨ ਵਾਲੇ ਉੱਘੇ ਮਾਈਕ੍ਰੋਬਾਇਆਲੋਜੀ ਮਾਹਿਰ ਡਾ. ਸ਼ਿਵ ਇੰਦਰ ਗਰੇਵਾਲ ਨੇ ਬੀਤੇ ਦਿਨੀਂ ਮਾਈਕ੍ਰੋਬਾਇਆਲੋਜੀ ਵਿਭਾਗ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨਾਲ ਵਿਭਾਗ ਵੱਲੋਂ ਮਾਈਕ੍ਰੋਬਾਇਲੋਜਿਸਟ ਸੋਸਾਇਟੀ ਇੰਡੀਆ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਰੂਬਰੂ ਆਯੋਜਿਤ ਕੀਤਾ ਗਿਆ। ਡਾ. ਗਰੇਵਾਲ ਨੇ ਇਕ ਛੋਟੇ ਜਿਹੇ ਪਿੰਡ ਤੋਂ ਲੈ ਕੇ ਕੈਂਬਰਿਜ਼ ਯੂਨੀਵਰਸਿਟੀ ਤੱਕ ਆਪਣੀ ਯਾਤਰਾ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਹਨਾਂ ਨੇ 1998 ਵਿਚ ਕੋਲਡ ਸਪਰਿੰਗ ਹਾਰਬਰ ਲੈਬਾਰਟਰੀ ਵਿਖੇ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਕੰਮ ਕਰਦਿਆਂ ਡੀ ਐੱਨ ਏ ਮਾਡਲ ਦੀ ਖੋਜ ਕਰਨ ਵਾਲੇ ਡਾ. ਵਾਟਸਨ ਨਾਲ ਹਾਸਲ ਕੀਤੇ ਅਨੁਭਵ ਸਾਂਝੇ ਕੀਤੇ। ਨਾਲ ਹੀ ਉਹਨਾਂ ਨੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਉਭਰ ਰਹੇ ਵਿਸ਼ੇ ਐਪੀਜੈਨੇਟਿਕਸ ਦੀ ਮਹੱਤਤਾ ਬਾਰੇ ਵਿਚਾਰ-ਚਰਚਾ ਕੀਤੀ। ਬਾਅਦ ਵਿਚ ਡਾ. ਸ਼ਿਵ ਇੰਦਰ ਗਰੇਵਾਲ ਨੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਯੂਨੀਵਰਸਿਟੀ ਕੰਪਟ੍ਰੋਲਰ ਡਾ. ਸ਼ੰਮੀ ਕਪੂਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਡਾ. ਗਰੇਵਾਲ ਨੇ ਡਾ. ਜੀ ਐੱਸ ਖੁਸ਼ ਮਿਊਜ਼ੀਅਮ ਅਤੇ ਐਕਸਲ ਬਰੀਡ ਕੇਂਦਰ ਦਾ ਦੌਰਾ ਵੀ ਕੀਤਾ। ਜ਼ਿਕਰਯੋਗ ਹੈ ਕਿ ਡਾ. ਗਰੇਵਾਲ ਨੇ ਬੀ ਐੱਸ ਸੀ ਜੁਆਲੋਜੀ ਵਿਚ 1983 ਵਿਚ ਦਾਖਲਾ ਲਿਆ ਅਤੇ 1986 ਵਿਚ ਉਹਨਾਂ ਨੇ ਡਾ. ਐੱਚ ਐੱਸ ਗਰਚਾ ਦੀ ਨਿਗਰਾਨੀ ਹੇਠ ਆਪਣੀ ਐੱਮ ਐੱਸ ਸੀ ਪੂਰੀ ਕੀਤੀ। ਡਾ. ਗਰੇਵਾਲ ਨੇ ਇਹ ਸਾਰੀਆਂ ਯਾਦਾਂ ਸਾਂਝੀਆਂ ਕਰਦਿਆਂ ਪੁਰਾਣੇ ਦਿਨਾਂ ਉੱਪਰ ਝਾਤ ਪੁਆਈ। ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਡਾ. ਗਰੇਵਾਲ ਦਾ ਸਵਾਗਤ ਕੀਤਾ ਅਤੇ ਡਾ. ਸ਼ੰਮੀ ਕਪੂਰ ਨੇ ਇਸ ਵਿਸ਼ੇਸ਼ ਭਾਸ਼ਣ ਲਈ ਉਹਨਾਂ ਵਾਸਤੇ ਧੰਨਵਾਦ ਦੇ ਸ਼ਬਦ ਕਹੇ।