- ਟੀਮ-1699' ਦੁਆਰਾ ਆਯੋਜਿਤ ਵਿਸ਼ਵ ਇੰਟਰਫੇਥ ਹਾਰਮਨੀ ਵੀਕ ਦਾ ਸਮਾਪਨ
ਲੁਧਿਆਣਾ, 16 ਫਰਵਰੀ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂਂ ਨੌਜਵਾਨਾਂ ਨੂੰ ਸ਼ਾਂਤੀ, ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਫੈਲਾਉਣ ਅਤੇ ਸਮਾਜ ਦੀ ਭਲਾਈ ਲਈ ਮੋਹਰੀ ਰੋਲ ਅਦਾ ਕਰਨ ਦਾ ਸੱਦਾ ਦਿੱਤਾ। ਸਥਾਨਕ ਐਸ.ਸੀ.ਡੀ. ਸਰਕਾਰੀ ਕਾਲਜ ਵਿਖੇ ਸਿਟੀ ਨੀਡਜ਼ ਦੇ ਸਹਿਯੋਗ ਨਾਲ ਟੀਮ 1699 ਵੱਲੋਂ ਪੰਜਾਬ ਵਿੱਚ ਮਨਾਏ ਜਾ ਰਹੇ ਵਿਸ਼ਵ ਅੰਤਰ-ਧਰਮ ਸਦਭਾਵਨਾ ਸਪਤਾਹ ਦੇ ਸਮਾਪਤੀ ਸਮਾਰੋਹ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਭਾਰਤ ਦੀ 65 ਫੀਸਦ ਤੋਂ ਵੱਧ ਆਬਾਦੀ 35 ਸਾਲ ਤੋਂ ਘੱਟ ਹੈ ਅਤੇ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪੀੜ੍ਹੀ ਸਮਾਜ ਵਿੱਚ ਪਿਆਰ ਅਤੇ ਏਕਤਾ ਫੈਲਾਉਣ ਦੀ ਆਪਣੀ ਸ਼ਕਤੀ ਨਾਲ ਸਮਾਜ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਸਕਦੀ ਹੈ। ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਦੇਸ਼ ਨੂੰ ਵਿਕਸਤ ਬਣਾਉਣ ਲਈ ਏਕਤਾ ਬਹੁਤ ਮਹੱਤਵ ਰੱਖਦੀ ਹੈ ਅਤੇ ਨੌਜਵਾਨ ਸਮਾਜ ਦੇ ਸਾਰੇ ਵਰਗਾਂ ਵਿੱਚ ਪਿਆਰ ਅਤੇ ਸਦਭਾਵਨਾ ਨੂੰ ਯਕੀਨੀ ਬਣਾ ਕੇ ਭਾਰਤ ਨੂੰ ਇੱਕ ਮਹਾਂਸ਼ਕਤੀ ਬਣਾਉਣ ਵਿੱਚ ਚਮਤਕਾਰੀ ਰੋਲ ਅਦਾ ਕਰ ਸਕਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਵਿੱਚ ਦੁਨੀਆ ਨੂੰ ਬਦਲਣ ਦੀ ਤਾਕਤ ਹੁੰਦੀ ਹੈ ਅਤੇ ਉਹ ਕਿਸੇ ਵੀ ਦੇਸ਼ ਦੀ ਸੰਪਤੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਮਨੁੱਖਤਾ ਤੋਂ ਵੱਡਾ ਨਹੀਂ ਹੈ ਅਤੇ ਪਿਆਰ ਅਤੇ ਭਾਈਚਾਰਾ ਫੈਲਾਉਣ ਵਾਲਿਆਂ 'ਤੇ ਪ੍ਰਮਾਤਮਾ ਹਮੇਸ਼ਾ ਆਪਣਾ ਹੱਥ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦੂਜਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ, ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਵਚਨਬੱਧ ਹੈ ਅਤੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਉੱਚ ਪੱਧਰੀ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਯਤਨ ਕੀਤੇ ਜਾ ਰਹੇ ਹਨ। ਵਿਸ਼ਵ ਅੰਤਰ-ਧਰਮ ਸਦਭਾਵਨਾ ਹਫ਼ਤੇ ਦੌਰਾਨ ਗਤੀਵਿਧੀਆਂ ਦੀ ਲੜੀ ਵਿੱਚ ਧਾਰਮਿਕ ਆਗੂਆਂ ਅਤੇ ਬੁੱਧ ਧਰਮ, ਵਾਲਮੀਕਿ ਸਮਾਜ, ਜੈਨ ਧਰਮ, ਈਸਾਈ, ਮੁਸਲਮਾਨ, ਹਿੰਦੂ ਅਤੇ ਸਿੱਖ ਧਰਮ ਦੇ ਪੈਰੋਕਾਰਾਂ ਵਲੋਂ ਸ਼ਮੂਲੀਅਤ ਕੀਤੀ ਗਈ।
1 ਫਰਵਰੀ ਨੂੰ ਰਾਮਗੜ੍ਹੀਆ ਕਾਲਜ (ਲੜਕੀਆਂ) ਵਿਖੇ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਪੁਲਿਸ ਕਮਿਸ਼ਨਰ ਅਤੇ ਸੁਰਭੀ ਮਲਿਕ ਆਈ.ਏ.ਐਸ. ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਵਿਸ਼ਵ ਅੰਤਰ-ਧਰਮ ਸਦਭਾਵਨਾ ਹਫ਼ਤਾ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਜਿੱਥੇ ਵੱਖ-ਵੱਖ ਵਿਦਵਾਨਾਂ ਵਲੋਂ ਇੰਟਰਫੇਥ ਬਾਰੇ ਮੁੱਢਲੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਬੰਧਤ ਧਾਰਮਿਕ ਆਗੂਆਂ ਨਾਲ ਵਰਕਸ਼ਾਪ ਕਰਵਾਈ ਗਈ ਜਿੱਥੇ ਵਿਦਿਆਰਥੀਆਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਸਵਾਲ ਪੁੱਛੇ। ਬੀਤੇ ਐਤਵਾਰ ਨੂੰ ਇੰਟਰਫੇਥ ਹਾਰਮਨੀ ਵਾਕ ਦਾ ਆਯੋਜਨ ਕੀਤਾ ਗਿਆ ਅਤੇ ਵੱਖ-ਵੱਖ ਸੰਸਥਾਵਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਹ ਯਾਤਰਾ ਕ੍ਰਾਈਸਟ ਚਰਚ ਤੋਂ ਸ਼ੁਰੂ ਹੋ ਕੇ ਦੁਰਗਾ ਮਾਤਾ ਮੰਦਰ, ਜਾਮਾ ਮਸਜਿਦ ਤੋਂ ਹੁੰਦੀ ਹੋਈ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਸਮਾਪਤ ਹੋਈ। ਸਮਾਪਤੀ ਵਾਲੇ ਦਿਨ ਬਹੁਤ ਸਾਰੇ ਵਿਦਿਆਰਥੀਆਂ ਨੇ ਅੰਤਰ-ਧਰਮ ਬਾਰੇ ਘੋਸ਼ਣਾ ਵਿੱਚ ਹਿੱਸਾ ਲਿਆ ਅਤੇ ਆਪਣੇ ਸਵੈ-ਲਿਖਤ ਪੇਪਰ ਪੇਸ਼ ਕੀਤੇ। ਅੰਤ ਵਿੱਚ, ਚੁਣੇ ਗਏ ਵਿਦਿਆਰਥੀਆਂ ਨੂੰ ਸਾਰੇ ਹਾਜ਼ਰੀਨ ਦੇ ਸਾਹਮਣੇ ਆਪਣੇ ਪੇਪਰ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਅਤੇ ਮੁੱਖ ਮਹਿਮਾਨ ਦੁਆਰਾ ਉਨ੍ਹਾਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਸਿੱਖ ਧਰਮ ਤੋਂ ਪ੍ਰਿੰਸੀਪਲ ਸੁਖਵੰਤ ਸਿੰਘ, ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਦੰਡੀ ਸਵਾਮੀ ਗਊਸ਼ਾਲਾ ਹੈਬੋਵਾਲ ਤੋਂ ਸਵਾਮੀ ਦੇਵ ਵਰੱਤ ਜੀ, ਵਾਲਮੀਕਿ ਸਮਾਜ ਤੋਂ ਅਜੈ ਪਾਲ ਦੁਸਾਵਰ, ਸ਼ਿਵ ਸੈਨਾ ਤੋਂ ਰਾਜੀਵ ਟੰਡਨ, ਦੀਪਕ ਸ਼ਰਮਾ, ਈਸਾਈ ਧਰਮ ਤੋਂ ਪੰਕਜ ਮਲਿਕ, ਡਾ. ਦੇਵ ਸਿੰਘ ਅਦਵਤੀ, ਰੈਵਰਟ ਫਾਦਰ ਅਜੀਤ ਪੈਟ੍ਰਿਕ, ਡਾ. ਅਨੁਰਾਗ ਸਿੰਘ, ਪ੍ਰੋ. ਵਿਨੈ ਸੋਫਤ ਅਤੇ ਪਰਮਪਾਲ ਸਿੰਘ ਨੇ ਇਨ੍ਹਾਂ ਸਾਰੇ ਸਮਾਗਮਾਂ ਅਤੇ ਭਾਸ਼ਣਾਂ ਵਿਚ ਹਿੱਸਾ ਲਿਆ। ਇਸ ਮੌਕੇ ਏ.ਡੀ.ਜੀ.ਪੀ. ਐਮ.ਐਫ. ਫਾਰੂਕੀ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਦਵਿੰਦਰ ਸਿੰਘ ਨਾਗੀ, ਮਹਿੰਦਰ ਸਿੰਘ, ਗੁਰਸਾਹਿਬ ਸਿੰਘ, ਹੇਮੰਤ ਗੋਇਲ ਅਤੇ ਸਿਟੀਨੀਡਜ਼ ਅਤੇ ਟੀਮ-1699 ਦੇ ਨੁਮਾਇੰਦੇ ਹਾਜ਼ਰ ਸਨ।