ਐਸ.ਏ.ਐਸ.ਨਗਰ, 20 ਅਕਤੂਬਰ : ਈਸੀਆਈ (ਭਾਰਤ ਦੇ ਚੋਣ ਕਮਿਸ਼ਨ) ਦੇ ਈ ਵੀ ਐਮ ਅਬਜ਼ਰਵਰ, ਅਜ਼ਹਰੂਦੀਨ ਕਾਜ਼ੀ, ਆਈ ਏ ਐਸ, ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ, ਮੋਹਾਲੀ, ਵਿਖੇ ਜ਼ਿਲ੍ਹਾ ਚੋਣ ਦਫ਼ਤਰ ਦੇ ਵੇਅਰ ਹਾਊਸ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ ਵੀ ਐਮਜ਼) ਅਤੇ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ (ਵੀ ਵੀ ਪੀ ਏ ਟੀ) ਯੂਨਿਟਾਂ ਦੀ ਪਹਿਲੇ ਪੱਧਰ ਦੀ ਚੈਕਿੰਗ (ਫਸਟ ਲੈਵਲ ਚੈਕਿੰਗ) ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਏ.ਡੀ.ਸੀ.(ਜੀ.) ਐਸ.ਏ.ਐਸ.ਨਗਰ ਵਿਰਾਜ ਸ਼ਿਆਮਕਰਨ ਤਿੜਕੇ ਅਤੇ ਐਸ.ਡੀ.ਐਮ ਮੋਹਾਲੀ ਚੰਦਰਜੋਤੀ ਸਿੰਘ, ਸੁਪਰਵਾਈਜ਼ਰ ਕਿਰਨ ਸ਼ਰਮਾ, ਨੋਡਲ ਅਫ਼ਸਰ ਅਸ਼ੀਸ਼ ਕਥੂਰੀਆ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਵੀ ਹਾਜ਼ਰ ਸਨ। ਈ ਸੀ ਆਈ ਈ ਵੀ ਐਮ ਆਬਜ਼ਰਵਰ ਨੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਦੇ ਇੰਜੀਨੀਅਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਹਰੇਕ ਈ ਵੀ ਐਮ ਅਤੇ ਵੀ ਵੀ ਪੀ ਏ ਟੀ ਦੀ ਸੁਚੱਜੀ ਜਾਂਚ ਅਤੇ ਕਿਸੇ ਵੀ ਤਰ੍ਹਾਂ ਦੀ ਗਲਤੀ ਦੀ ਗੁੰਜਾਇਸ਼ ਰਹਿਤ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿਉਂਕਿ ਚੋਣ ਕਮਿਸ਼ਨ ਨਿਰਪੱਖ ਪੋਲਿੰਗ ਕਰਵਾਉਣ ਲਈ ਵਚਨਬੱਧ ਹੈ, ਇਸ ਲਈ ਸਮੇਂ ਸਿਰ ਸਾਰੀਆਂ ਕੰਟਰੋਲ ਯੂਨਿਟਾਂ, ਬੈਲਟ ਯੂਨਿਟਾਂ ਅਤੇ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ ਯੂਨਿਟਾਂ ਦੇ ਕੰਮਕਾਜ ਦੀ ਜਾਂਚ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਯੂਨਿਟ ਚੈਕਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਖਰਾਬੀ ਦਿਖਾਉਂਦਾ ਹੈ ਤਾਂ ਇਸ ਨੂੰ ਠੀਕ ਕਰਨ ਲਈ ਈ ਸੀ ਆਈ ਦੇ ਨਿਰਦੇਸ਼ਾਂ ਤੇ ਬੀ.ਈ.ਐਲ. ਨੂੰ ਭੇਜਿਆ ਜਾਵੇਗਾ। ਉਨ੍ਹਾਂ ਨੇ ਮਸ਼ੀਨਾਂ ਨੂੰ ਵੇਅਰ ਹਾਊਸ ਦੀ ਉਪਰਲੀ ਮੰਜ਼ਿਲ ਤੋਂ ਹੇਠਲੀ ਮੰਜ਼ਿਲ ਤੱਕ ਅਤੇ ਫਿਰ ਵਾਪਸ ਸਟੋਰੇਜ ਰੂਮ ਤੱਕ ਪਹੁੰਚਾਉਣ ਦੀ ਸਮੁੱਚੀ ਪ੍ਰਕਿਰਿਆ ਸੀ ਸੀ ਟੀ ਵੀ ਨਿਗਰਾਨੀ ਅਧੀਨ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ। ਏ ਡੀ ਸੀ (ਜ) ਵਿਰਾਜ ਐਸ ਤਿੜਕੇ ਨੇ ਉਨ੍ਹਾਂ ਨੂੰ ਐਫ ਐਲ ਸੀ (ਫਸਟ ਲੈਵਲ ਚੈਕਿੰਗ) ਦੀ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਇਸ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 1247 ਕੰਟਰੋਲ ਯੂਨਿਟ, 2190 ਬੈਲੇਟ ਯੂਨਿਟ ਅਤੇ 2190 ਵੀ ਵੀ ਪੀ ਏ ਟੀ ਯੂਨਿਟਾਂ ਦਾ ਸਟਾਕ ਹੈ। ਫਸਟ ਲੈਵਲ ਚੈਕਿੰਗ 4 ਨਵੰਬਰ, 2023 ਤੱਕ ਪੂਰੀ ਹੋ ਜਾਵੇਗੀ ਜੋ ਕਿ 16 ਅਕਤੂਬਰ ਨੂੰ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਈ ਵੀ ਐਮਜ਼ ਦੀ ਫਸਟ ਲੈਵਲ ਚੈਕਿੰਗ ਦੇ ਨਿਰਵਿਘਨ ਮੁਕੰਮਲ ਹੋਣ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੰਮ ਪੂਰਾ ਹੋਣ ਤੋਂ ਬਾਅਦ ਮਸ਼ੀਨਾਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੀਆਂ ਅਗਲੀਆਂ ਹਦਾਇਤਾਂ ਤੱਕ ਗੋਦਾਮ ਵਿੱਚ ਸੁਰੱਖਿਅਤ ਅਤੇ ਸਖ਼ਤ ਨਿਗਰਾਨੀ ਹੇਠ ਸਟੋਰ ਕਰ ਦਿੱਤਾ ਜਾਵੇਗਾ।