ਲੁਧਿਆਣਾ, 16 ਸਤੰਬਰ : ਪੰਜਾਬੀ ਭਾਸ਼ਾ ਵਿੱਚ ਕਵਿਤਾ, ਕਹਾਣੀ, ਨਾਵਲ ਆਦਿ ਵਿਧਾਵਾਂ ਵਿੱਚ ਤਾਂ ਬਹੁਤ ਮਹੱਤਵਪੂਰਨ ਕੰਮ ਹੋ ਰਿਹਾ ਹੈ ਪਰ ਵਾਰਤਕ ਰਚਨਾ ਆਪਣੇ ਸਿਰਜਣਾਤਮਕ ਅਮਲ ਨੂੰ ਓਨੀ ਸਮਰਥਾ ਨਾਲ ਨਹੀਂ ਨਿਭਾ ਰਹੀ, ਜਿੰਨੀ ਤਾਕਤਵਰ ਵਾਰਤਕ ਦੀ ਭਵਿੱਖ ਨੂੰ ਜ਼ਰੂਰਤ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡਾਃ ਅਨੂਪ ਸਿੰਘ ਬਟਾਲਾ ਦੀਆਂ ਦੋ ਪੁਸਤਕਾਂ ਸ਼ਬਦਾਂ ਦੀ ਅਜ਼ਮਤ ਤੇ ਪੌਣੀ ਸਦੀ ਦਾ ਸਫ਼ਰ ਹਾਸਲ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਡਾਃ ਅਨੂਪ ਸਿੰਘ ਦੀਆਂ ਵਾਰਤਕ ਲਿਖਤਾਂ ਵਿੱਚੋਂ ਗਿਆਨ , ਵਿਗਿਆਨ ਅਤੇ ਭਵਿੱਖਮੁਖੀ ਸੋਚ ਦੇ ਦਰਸ਼ਨ ਹੁੰਦੇ ਹਨ। ਉੱਘੇ ਪੰਜਾਬੀ ਲੇਖਕ ਡਾਃ ਅਨੂਪ ਸਿੰਘ ਬਟਾਲਾ ਨੇ ਵਰਗਿਸ ਸਲਾਮਤ ਸੰਗ ਲੁਧਿਆਣਾ ਪਹੁੰਚ ਕੇ ਆਪਣੀਆਂ ਇਹ ਦੋ ਕਿਤਾਬਾਂ “ਸ਼ਬਦਾਂ ਦੀ ਅਜ਼ਮਤ” ਤੇ “ਪੌਣੀ ਸਦੀ ਦਾ ਸਫ਼ਰ” ਪ੍ਰੋਃ ਗਿੱਲ ਨੂੰ ਭੇਂਟ ਕੀਤੀਆਂ। ਇਸ ਮੌਕੇ ਬੋਲਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਦਰਸ਼ਨ ਬੁੱਟਰ ਨੇ ਕਿਹਾ ਕਿ ਡਾਃ ਅਨੂਪ ਸਿੰਘ ਚੰਗਾ ਵਾਰਤਕ ਲੇਖਕ ਤਾਂ ਹੈ ਹੀ, ਸਾਡਾ ਵੱਡਾ ਵੀਰ ਵੀ ਹੈ ਜੋ ਵਾਰਤਕ ਸਿਰਜਣਾ ਵਿੱਚ ਨਵੇਂ ਦਿਸਹੱਦੇ ਸਥਾਪਤ ਕਰ ਰਿਹਾ ਹੈ।
ਇਸ ਮੌਕੇ ਪੰਜਾਬੀ ਕਵੀ ਸੁਸ਼ੀਲ ਦੋਸਾਂਝ ਸੰਪਾਦਕ ਸਾਹਿੱਤਕ ਮੈਗਜ਼ੀਨ “ਹੁਣ” ਪੰਜਾਬੀ ਕਵੀ ਵਰਗਿਸ ਸਲਾਮਤ ਤੇ ਸੁਰਿੰਦਰਜੀਤ ਚੌਹਾਨ ਵੀ ਹਾਜ਼ਰ ਸਨ। ਸੁਸ਼ੀਲ ਦੋਸਾਂਝ ਨੇ ਸਭ ਲੇਖਕਾਂ ਨੂੰ ਨੂੰ “ਹੁਣ” ਦਾ ਸੱਜਰਾ ਅੰਕ ਭੇਂਟ ਕੀਤਾ। ਧੰਨਵਾਦ ਕਰਦਿਆਂ ਡਾਃ ਅਨੂਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਵਾਰਤਕ ਸਿਰਜਣਾ ਦਾ ਅਸਲ ਮਨੋਰਥ ਚੰਗੇ ਸਮਾਜ ਦੀ ਸਿਰਜਣਾ ਹੈ। ਇਹੀ ਮਿਸ਼ਨ ਉਨ੍ਹਾਂ ਨੂੰ ਅੱਗੇ ਤੋਂ ਅੱਗੇ ਤੋਰ ਰਿਹਾ ਹੈ।