- ਡਾ. ਰੰਧਾਵਾ ਦੇ ਬੋਦਲਾਂ (ਹੋਸ਼ਿਆਰਪੁਰ) ਸਥਿਤ ਜੱਦੀ ਘਰ ਨੂੰ ਵਿਕਾਸ ਪੁਰਸ਼ ਸਮਾਰਕ ਵਜੋਂ ਸੰਭਾਲਿਆ ਜਾਵੇ।
ਲੁਧਿਆਣਾ, 2 ਫਰਵਰੀ (ਰਘਵੀਰ ਸਿੰਘ ਜੱਗਾ) : ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡਾ. ਮਹਿੰਦਰ ਸਿੰਘ ਰੰਧਾਵਾ ਜੀ ਦੇ 114ਵੇਂ ਜਨਮ ਉਤਸਵ ਮੌਕੇ ਲੁਧਿਆਣਾ ਵਿੱਚ ਸੰਚਾਰ ਮਾਧਿਅਮਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਹੈ ਕਿ ਹੋਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਲਾਂ ਵਿੱਚ ਡਾਃ ਰੰਧਾਵਾ ਦੇ ਜੱਦੀ ਘਰ ਨੂੰ ਸਮਾਰਕ ਵਾਂਗ ਸੰਭਾਲਣ ਲਈ ਪੰਜਾਬ ਸਰਕਾਰ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ ਕਿਉਂਕਿ ਉਹ ਸਾਂਝੇ ਪੰਜਾਬ ਦੇ ਸਰਬ ਪ੍ਰਵਾਨਤ ਵਿਕਾਸ ਪੁਰਸ਼ ਸਨ। ਡਾ. ਰੰਧਾਵਾ ਪੇਂਡੂ ਵਿਕਾਸ,ਸਾਹਿਤ ਕਲਾ,ਵਿਗਿਆਨ ਤੇ ਲੋਕ ਪ੍ਰਸ਼ਾਸਨ ਦਾ ਚੌਮੁਖੀਆ ਚਿਰਾਗ ਸਨ। ਉਨ੍ਹਾਂ ਦੇਸ਼ ਵੰਡ ਮਗਰੋਂ ਜਿਸ ਸ਼ਕਤੀ ਨਾਲ ਰਾਵੀ ਪਾਰੋਂ ਉੱਜੜ ਕੇ ਆਏ ਪੰਜਾਬੀਆਂ ਦਾ ਏਧਰਲੇ ਪੰਜਾਬ ਵਿੱਚ ਮੁੜ ਵਸੇਬਾ ਕਰਵਾਇਆ, ਪੰਜਾਬ ਦੀ ਮੁਰੱਬੇਬੰਦੀ ਕਰਵਾਈ, ਵਰਤਮਾਨ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਖੇਤੀਬਾੜੀ ਤੇ ਪੇਂਡੂ ਵਿਕਾਸ ਨੂੰ ਦਿਸ਼ਾ ਨਿਰਦੇਸ਼ ਦਿੱਤਾ, ਕਲਾ, ਹਸਤ ਸ਼ਿਲਪ, ਲੋਕ ਕਲਾਵਾਂ ਦੇ ਨਾਲ ਨਾਲ ਸਾਹਿੱਤ ਸਭਿਆਚਾਰ ਦੀ ਸੇਵਾ ਸੰਭਾਲ ਨੂੰ ਮਿਸ਼ਨ ਵਾਂਗ ਅਪਣਾਇਆ, ਉਹ ਆਪਣੇ ਆਪ ਵਿੱਚ ਮਿਸਾਲ ਹੈ। ਡਾ. ਮਹਿੰਦਰ ਸਿੰਘ ਰੰਧਾਵਾ ਦੇ 114ਵੇਂ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜਿਸ ਸਮਰਪਿਤ ਭਾਵਨਾ ਨਾਲ ਉਹ ਵੱਡੇ ਵੱਡੇ ਫ਼ੈਸਲੇ ਪਲਾਂ ਵਿੱਚ ਕਰਕੇ ਨੇਪਰੇ ਚਾੜ੍ਹ ਲੈਂਦੇ ਸਨ ,ਉਸ ਦੀ ਮਿਸਾਲ ਲੱਭਣੀ ਆਸਾਨ ਨਹੀਂ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਹੋਣ ਵੇਲੇ ਉਹ ਲੁਧਿਆਣਾ ਵਿੱਚ ਪੰਜਾਬੀ ਭਵਨ ਦਾ ਨਿਰਮਾਣ ਕਰਵਾ ਗਏ। ਉਨ੍ਹਾਂ ਦੀ ਪ੍ਰਧਾਨਗੀ ਹੇਠ 1984 ਤੋਂ ਤਿੰਨ ਮਾਰਚ 1986 ਤੀਕ ਮੈਨੂੰ ਉਨ੍ਹਾਂ ਨਾਲ ਕਾਰਜਕਾਰਨੀ ਮੈਂਬਰ ਵਜੋਂ ਕੰਮ ਕਰਨ ਦਾ ਸੁਭਾਗਾ ਮੌਕਾ ਮਿਲਿਆ। ਉਨ੍ਹਾਂ ਕੋਲ ਸਿਖਾਉਣ ਲਈ ਬਹੁਤ ਕੁਝ ਸੀ। ਪ੍ਰੋਃ ਗਿੱਲ ਨੇ ਕਿਹਾ ਕਿ ਪੰਜਾਬ ਖੇਤੀ ਯੂਨੀਵਰਸਿਟੀ ਵੀ ਲੁਧਿਆਣਾ ਵਿੱਚ ਨਾ ਹੁੰਦੀ ਜੇਕਰ ਡਾਃ ਰੰਧਾਵਾ ਉਸ ਵੇਲੇ ਦੀ ਸਃ ਪਰਤਾਪ ਸਿੰਘ ਕੈਰੋਂ ਸਰਕਾਰ ਨੂੰ ਸਹੀ ਸਲਾਹ ਸਮੇਂ ਸਿਰ ਨਾ ਦਿੰਦੇ। ਉਨ੍ਹਾਂ ਇਸ ਦੇ ਦੂਜੇ ਵਾਈਸ ਚਾਂਸਲਰ ਵਜੋਂ ਇਸ ਯੂਨੀਵਰਸਿਟੀ ਨੂੰ ਸਾਹਿੱਤ, ਕਲਾ ਤੇ ਸੱਭਿਆਚਾਰ ਦਾ ਕੇਂਦਰ ਵੀ ਬਣਾਇਆ। ਲੁਧਿਆਣਾ ਵਿੱਚ ਕਲਾ ਸਰਗਰਮੀਆਂ ਨੂੰ ਹੁਲਾਰਾ ਦੇਣ ਵਿੱਚ ਉਨਾਂ ਸਥਾਨਕ ਵਿਦਿਅਕ ਸੰਸਥਾਵਾਂ ਨੂੰ ਵੀ ਉਤਸ਼ਾਹਿਤ ਕੀਤਾ। ਪੰਜਾਬ ਵਿੱਚ ਹੀ ਨਹੀਂ ਸਗੋਂ ਸਾਰੇ ਭਾਰਤ ਵਿੱਚ ਸਿੰਦਰ ਸ਼ਿੰਗਾਰ ਰੁੱਖਾਂ ਤੇ ਬਾਗ ਬਗੀਚਿਆਂ ਦਾ ਸੱਭਿਆਚਾਰ ਵੀ ਡਾਃ ਰੰਧਾਵਾ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਦੇਸ਼ ਵੰਡ ਵੇਲੇ ਉਹ ਦਿੱਲੀ ਦੇ ਡਿਪਟੀ ਕਮਿਸ਼ਨਰ ਹੋਣ ਕਾਰਨ ਉਨ੍ਹਾਂ ਪੰਜਾਬੀ ਲੇਖਕਾਂ ਨੂੰ ਘਰ ਦਿੱਤੇ ਅਤੇ ਮਗਰੋਂ ਚੰਡੀਗੜ੍ਹ ਦੇ ਪਹਿਲੇ ਚੀਫ਼ ਕਮਿਸ਼ਨਰ ਵਜੋਂ ਪੰਜਾਬੀ ਹਿੰਦੀ ਤੇ ਉਰਦੂ ਲੇਖਕਾਂ ਨੂੰ ਉਨ੍ਹਾਂ ਸਸਤੇ ਮੁੱਲ ਦੇ ਪਲਾਟ ਦੇ ਕੇ ਵਸਾਇਆ। ਕਲਾਭਵਨ ਚੰਡੀਗੜ੍ਹ ਉਨ੍ਹਾਂ ਦੀ ਹੀ ਦੂਰ ਦ੍ਰਿਸ਼ਟੀ ਦਾ ਫ਼ਲ ਸੀ।