- ਮਿੱਠੇ ਦੀ ਕਾਸਤ ਲਈ ਮਿਲਿਆ ਇਨਾਮ
- ਪਰਾਲੀ ਨੂੰ ਨਹੀਂ ਸਾੜਦਾ ਸਗੋਂ ਸਭ ਤੋਂ ਸਸਤੇ ਤਰੀਕੇ ਨਾਲ ਕਰਦਾ ਹੈ ਕਣਕ ਦੀ ਬਿਜਾਈ
ਫਾਜਿ਼ਲਕਾ, 21 ਸਤੰਬਰ : ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਬਾਧਾ ਦੇ ਡਬਲ ਐਮਏ, ਬੀਐਡ, ਐਮ ਫਿਲ ਪਾਸ ਕਿਸਾਨ ਮਲਕੀਤ ਸਿੰਘ ਨੂੰ ਇਸ ਵਾਰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਨੇ ਮਿੱਠੇ ਦੀ ਕਾਸਤ ਲਈ ਫਸਲੀ ਮੁਕਾਬਲਿਆਂ ਦੀ ਸ੍ਰੇਣੀ ਵਿਚ ਪੁਰਸਕਾਰ ਦਿੱਤਾ ਹੈ। ਇਹ ਕਿਸਾਨ ਸਿਰਫ ਮਿੱਠੇ ਦੀ ਕਾਸਤ ਲਈ ਹੀ ਨਹੀਂ ਜਾਣਿਆ ਜਾਂਦਾ ਸਗੋਂ ਬਹੁ ਭਾਂਤੀ ਖੇਤੀ ਦੇ ਨਾਲ ਨਾਲ ਇਹ ਕਿਸਾਨ ਪਰਾਲੀ ਨੂੰ ਬਿਨ੍ਹਾਂ ਸਾੜੇ ਸਭ ਤੋਂ ਸਸਤੇ ਤਰੀਕੇ ਨਾਲ ਕਣਕ ਦੀ ਬਿਜਾਈ ਕਰਨ ਦੇ ਆਪਣੇ ਤਰੀਕੇ ਲਈ ਵੀ ਪ੍ਰਸਿੱਧ ਹੈ। ਮਲਕੀਤ ਸਿੰਘ ਜੋ ਕਿ ਸਾਢੇ 19 ਏਕੜ ਵਿਚ ਖੇਤੀ ਕਰਦਾ ਹੈ ਵੱਲੋਂ ਗੰਨਾ, ਬਾਸਮਤੀ, ਸਰੋਂ, ਮਿੱਠਾ, ਡੇਜੀ, ਮੌਸੰਬੀ, ਕਣਕ ਆਦਿ ਦੀ ਕਾਸਤ ਕੀਤੀ ਜਾਂਦੀ ਹੈ। ਮਿੱਠੇ ਦੀ ਇਸ ਵੱਲੋਂ ਲਗਭਗ ਸਵਾ ਏਕੜ ਵਿਚ ਕਾਸਤ ਕੀਤੀ ਜਾਂਦੀ ਹੈ। ਮਲਕੀਤ ਸਿੰਘ ਦੱਸਦਾ ਹੈ ਕਿ ਉਹ ਆਪਣੇ ਫਲਾਂ ਦਾ ਖੁਦ ਮੰਡੀਕਰਨ ਕਰਦਾ ਹੈ। ਇਸ ਨਾਲ ਉਸਨੂੰ ਜਿਆਦਾ ਆਮਦਨ ਹੁੰਦੀ ਹੈ। ਇਸ ਲਈ ਉਸਨੇ ਬਾਗਬਾਨੀ ਵਿਭਾਗ ਦੀ ਸਕੀਮ ਤਹਿਤ ਆਪਣੀਆਂ ਕਰੇਟਾਂ ਖਰੀਦ ਲਈਆਂ ਸਨ ਅਤੇ ਇਸਤੋਂ ਬਾਅਦ ਉਹ ਫਾਜਿ਼ਲਕਾ ਦੇ ਨਾਲ ਨਾਲ ਹੋਰ ਨੇੜੇ ਦੀਆਂ ਮੰਡੀਆਂ ਵਿਚ ਵੀ ਆਪਣੀ ਉਪਜ ਭੇਜਦਾ ਹੈ। ਮਿੱਠੇ ਫਲ ਦੀ ਵਧੀਆ ਕਾਸਤ ਲਈ ਉਸਨੂੰ ਇਸ ਵਾਰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਨੇ ਕਿਸਾਨ ਮੇਲੇ ਪਹਿਲਾ ਇਨਾਮ ਦਿੱਤਾ ਹੈ। ਮਲਕੀਤ ਸਿੰਘ ਆਪਣੀ ਖੇਤੀ ਨੂੰ ਪੂਰੀ ਤਰਾਂ ਵਿਗਿਆਨਕ ਤਰੀਕੇ ਨਾਲ ਕਰਦਾ ਹੈ ਅਤੇ ਆਪਣੀ ਖੇਤੀ ਦਾ ਪੂਰਾ ਵਹੀ ਖਾਤਾ ਰੱਖਦਾ ਹੈ। ਉਸਨੇ ਆਪਣੇ ਝੋਨੇ ਨੂੰ ਪ੍ਰਤੀ ਏਕੜ 78 ਕਿਲੋ ਯੁਰੀਆ ਪਾ ਕੇ ਹੀ ਪੂਰਾ ਝਾੜ ਲਿਆ ਹੈ ਜਦ ਕਿ ਸਿਫਾਰਸ਼ 110 ਕਿਲੋ ਦੀ ਹੈ ਅਤੇ ਕਈ ਕਿਸਾਨ ਤਾਂ ਇਸਤੋਂ ਵੀ ਜਿਆਦਾ ਯੂਰੀਆ ਪਾ ਰਹੇ ਹਨ।ਉਹ ਖੇਤੀ ਵਿਚ ਲਾਗਤ ਅਤੇ ਆਮਦਨ ਦਾ ਪੂਰਾ ਵੇਰਵਾ ਲਿਖਤ ਵਿਚ ਰੱਖਦਾ ਹੈ ਅਤੇ ਬਿਜਾਈ ਤੋਂ ਕਟਾਈ ਤੱਕ ਹਰ ਵੇਰਵਾ ਦਰਜ ਕਰਦਾ ਹੈ। ਇਸ ਤਰਾਂ ਉਸਨੂੰ ਆਪਣੇ ਬੇਲੋੜੇ ਖਰਚਿਆਂ ਦੀ ਪਹਿਚਾਣ ਹੁੰਦੀ ਹੈ ਅਤੇ ਉਨ੍ਹਾਂ ਨੂੰ ਘੱਟ ਕਰਕੇ ਹੀ ਆਮਦਨ ਵਿਚ ਵਾਧਾ ਹੁੰਦਾ ਹੈ। ਮਲਕੀਤ ਸਿੰਘ ਆਖਦਾ ਹੈ ਕਿ ਉਸਨੇ ਕਈ ਸਾਲਾਂ ਤੋਂ ਪਰਾਲੀ ਨੂੰ ਸਾੜਿਆਂ ਨਹੀਂ ਹੈ। ਉਹ ਅੱਧੇ ਖੇਤ ਵਿਚ ਹੈਪੀ ਸੀਡਰ ਨਾਲ ਅਤੇ ਅੱਧੇ ਖੇਤ ਵਿਚ ਸਭ ਤੋਂ ਸਸਤੀ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਕਰਦਾ ਹੈ। ਇਸ ਤਰਾਂ ਉਹ ਪਰਾਲੀ ਨੂੰ ਖੇਤ ਵਿਚ ਹੀ ਮਿਲਾ ਦਿੰਦਾ ਹੈ ਅਤੇ ਇਸ ਨਾਲ ਉਸਦੀ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਮਲਚਿੰਗ ਤਕਨੀਕ ਦੀ ਜਾਣਕਾਰੀ ਦਿੰਦਿਆਂ ਉਹ ਦੱਸਦਾ ਹੈ ਕਿ ਸੁਪਰ ਐਸਐਮਐਸ ਲੱਗੀ ਕੰਬਾਇਨ ਨਾਲ ਝੋਨੇ ਦੀ ਕਟਾਈ ਤੋਂ ਬਾਅਦ ਉਹ ਖੇਤ ਵਿਚ ਡੀਏਪੀ, ਕਣਕ ਦੇ ਬੀਜ ਅਤੇ 35 ਕਿਲੋ ਯੂਰੀਆ ਦਾ ਛੱਟਾ ਦੇ ਕੇ ਹਲਕਾ ਪਾਣੀ ਲਗਾ ਦਿੰਦੇ ਹਨ। ਇਸ ਤਰਾਂ ਕਣਕ ਬਹੁਤ ਵਧੀਆ ਉੱਗਦੀ ਹੈ। ਇਸ ਵਿਚ ਗੁੱਲੀ ਡੰਡਾ ਵੀ ਨਹੀਂ ਹੁੰਦਾ ਹੈ ਪਰ ਜੰਗਲੀ ਪਾਲਕ ਹੁੰਦਾ ਹੈ ਜਿਸਦਾ ਨਦੀਨਨਾਸ਼ਕ ਨਾਲ ਹੱਲ ਕਰ ਲਿਆ ਜਾਂਦਾ ਹੈ। ਉਹ ਇਹ ਤਕਨੀਕ ਕਈ ਸਾਲਾਂ ਤੋਂ ਕਰਦਾ ਆ ਰਿਹਾ ਹੈ ਅਤੇ ਆਖਦਾ ਹੈ ਕਿ ਇਸ ਤਕਨੀਕ ਨਾਲ ਪ੍ਰਤੀ ਏਕੜ ਸਿਰਫ 1100 ਰੁਪਏ ਦੇ ਖਰਚ ਨਾਲ ਉਹ ਕਣਕ ਦੀ ਬਿਜਾਈ ਕਰ ਲੈਂਦਾ ਹੈ।ਉਹ ਸਰੋਂ, ਜ਼ੌਂ ਅਤੇ ਹਰੇ ਚਾਰੇ ਵੀ ਇਸੇ ਤਕਨੀਕ ਨਾਲ ਬੀਜਦਾ ਹੈ। ਦੂਜ਼ੇ ਕਿਸਾਨਾਂ ਨੂੰ ਸੁਨੇਹੇ ਵਿਚ ਮਲਕੀਤ ਸਿੰਘ ਨੇ ਕਿਹਾ ਕਿ ਕਿਸਾਨ ਆਪਣੀ ਖੇਤੀ ਦਾ ਪੂਰਾ ਵਹੀ ਖਾਤਾ ਰੱਖਣ, ਪਰਾਲੀ ਨੂੰ ਸਾੜਨ ਦੀ ਬਜਾਏ ਖੇਤ ਵਿਚ ਮਿਲਾਉਣ ਅਤੇ ਹੱਥੀ ਕੰਮ ਕਰਨ ਨੂੰ ਤਰਜੀਹ ਦੇਣ ਤਾਂ ਆਮਦਨ ਜਰੂਰ ਵਧੇਗੀ।