
ਸ੍ਰੀ ਫ਼ਤਹਿਗੜ੍ਹ ਸਾਹਿਬ, 17 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸਰਕਾਰ ਅਤੇ ਪੀਸੀਐਮਐਸਏ ਦਰਮਿਆਨ ਲੜੀਵਾਰ ਗੱਲਬਾਤ ਦਾ ਕੋਈ ਠੋਸ ਨਤੀਜਾ ਨਾ ਨਿਕਲਣ ਕਾਰਨ, ਰਾਜ ਦੇ ਲਗਭਗ 2500 ਪੀਸੀਐਮਐਸ ਡਾਕਟਰ 20 ਜਨਵਰੀ ਤੋਂ ਮੁੜ ਅੰਦੋਲਨ ਸ਼ੁਰੂ ਕਰਨ ਲਈ ਤਿਆਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਸੀਐਮਐਸਏ ਜ਼ਿਲਾ ਸ੍ਰੀ ਫਤਿਹਗੜ ਸਾਹਿਬ ਦੀ ਇਕਾਈ ਦੇ ਜ਼ਿਲਾ ਪ੍ਰਧਾਨ ਡਾਕਟਰ ਕੰਵਰਪਾਲ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਦੀਆਂ ਮੰਗਾਂ ਵਿੱਚ ਮੁੱਖ ਤੌਰ 'ਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ, ਰੁਕੇ ਹੋਏ ਕਰੀਅਰ ਦੀ ਤਰੱਕੀ ਅਤੇ ਡਾਕਟਰਾਂ ਦੀ ਸਮੁੱਚੀ ਘਾਟ ਕਾਰਨ ਵਧੇ ਹੋਏ ਕੰਮ ਦੇ ਬੋਝ ਕਾਰਨ ਪੈਦਾ ਹੋਏ ਡਾਕਟਰਾਂ ਦੀ ਨੌਕਰੀਆਂ ਛੱਡਣ ਦੀ ਵਧੀ ਹੋਈ ਦਰ, ਨੌਕਰੀ ਜੁਆਇੰਨ ਹੀ ਨਾ ਕਰਨ ਦੇ ਮੁੱਖ ਮੁੱਦਿਆਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜੋ ਪ੍ਰਸਤਾਵ ਵਿੱਤ ਵਿਭਾਗ ਨਾਲ ਸਾਂਝੇ ਕੀਤੇ ਗਏ ਸਨ, ਉਹਨਾਂ ਨੂੰ ਹਾਲਾਂਕਿ, ਡਾਕਟਰ ਐਸੋਸੀਏਸ਼ਨ ਵੱਲੋਂ ਦਰੁਸਤ ਦੱਸਦੇ ਹੋਏ ਸਮਰਥਨ ਦਿੱਤਾ ਗਿਆ ਤੇ ਓਹਨਾਂ ਉਤੇ ਰਾਜ਼ੀ ਹੋਣ ਦੀ ਗੱਲ ਦੇ ਬਾਵਜੂਦ, ਅੱਜ ਤੱਕ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਪੀ.ਸੀ.ਐਮ.ਐਸ.ਏ ਸਿਹਤ ਵਿਭਾਗ ਦੇ 304 ਮੈਡੀਕਲ ਅਫਸਰਾਂ ਦੀ ਭਰਤੀ ਕਰਨ ਅਤੇ ਕੈਡਰ ਦੇ ਮੈਡੀਕਲ ਅਫਸਰਾਂ ਲਈ ਨਵੀਂ ਉੱਚ ਸਿੱਖਿਆ ਨੀਤੀ ਬਣਾਉਣ ਦੇ ਯਤਨਾਂ ਦੀ ਸਰਾਹਨਾ ਕਰਦੀ ਹੈ ਅਤੇ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਸਿਹਤ ਵਿਭਾਗ ਦੁਆਰਾ ਤਿਆਰ ਕੀਤੇ ਗਏ ਪ੍ਰਸਤਾਵਾਂ ਅਨੁਸਾਰ ਸੁਰੱਖਿਆ ਅਤੇ ਡੀ. ਏ. ਸੀ. ਪੀ. ਦੀ ਮੁੜ ਬਹਾਲੀ ਦੇ ਮਸਲਿਆਂ ਦੇ ਹੱਲ ਲਈ ਬਣਦੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ। ਪੀ ਸੀ ਐਮ ਐਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾਕਟਰ ਅਮਰਿੰਦਰ ਪਾਲ ਸਿੰਘ ਨੇ ਕਿਹਾ ਕਿ ਉਹ ਆਪਣੀ ਅਗਲੀ ਨੀਤੀ ਦੀ ਜਾਣਕਾਰੀ 19 ਜਨਵਰੀ ਨੂੰ ਪ੍ਰੈਸ ਕਾਨਫਰੰਸ ਕਰਕੇ ਦੇਣਗੇ। ਉਹਨਾਂ ਕਿਹਾ ਕਿ ਅਸੀ ਹੁਣ ਵੀ ਆਸ਼ਾਵਾਦੀ ਹਾਂ ਕਿ ਸਰਕਾਰ ਇਸ ਹਫਤੇ ਵਿੱਚ ਸਮਾਂ ਰਹਿੰਦੇ ਹੀ ਸਰਕਾਰੀ ਸਿਹਤ ਪ੍ਰਣਾਲੀ ਦੇ ਸੁਧਾਰ ਵੱਲ ਆਪਣੀ ਵਚਨਬੱਧਤਾ ਮੁਤਾਬਕ ਸੁਰੱਖਿਆ ਤੇ ਤਰੱਕੀਆਂ ਸਬੰਧੀ ਨੋਟੀਫਿਕੇਸ਼ਨਾਂ ਜਾਰੀ ਕਰਕੇ ਆਪਣੇ ਕੀਤੇ ਗਏ ਵਾਅਦੇ ਪੁਗਾਵੇ ਤਾਂ ਜੋ ਹਸਪਤਾਲਾਂ ਦਾ ਕੰਮ ਠੱਪ ਹੋਣ ਦੀ ਨੌਬਤ ਹੀ ਨਾ ਆਵੇ।