ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਵਿਭਾਗ ਅਧੀਨ ਵੰਡੇ ਜਾਣ ਵਾਲੇ ਰਾਸ਼ਨ ਦੀ ਕੀਤੀ ਚੈਕਿੰਗ

ਸ੍ਰੀ ਮੁਕਤਸਰ ਸਾਹਿਬ, 21 ਜਨਵਰੀ 2025 : ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸ੍ਰੀਮਤੀ ਰਤਨਦੀਪ ਕੌਰ ਸੰਧੂ ਨੇ ਬਲਾਕ ਮਲੋਟ ਵਿਖੇ ਸਪਲੀਮੈਂਟਰੀ ਨਿਉਟ੍ਰੀਸ਼ਨ ਪ੍ਰੋਗਰਾਮ (ਐਸ.ਐਨ.ਪੀ.) ਸਕੀਮ ਅਧੀਨ ਵੰਡੇ ਜਾਣ ਵਾਲੇ ਰਾਸ਼ਨ, ਮਿੱਠਾ ਦਲੀਆ, ਨਮਕੀਨ ਦਲੀਆ ਅਤੇ ਮੁਰਮੁਰੇ ਦੀ ਚੈਕਿੰਗ ਕੀਤੀ। ਉਹਨਾਂ ਵੱਲੋਂ ਬਲਾਕ ਮਲੋਟ ਦੇ ਸਰਕਲ ਅਧੀਨ ਸ਼ਹਿਰੀ ਖੇਤਰ ਮਲੋਟ ਦੇ ਸੁਪਰਵਾਈਜ਼ਰ ਮੋਨੀਕਾ ਰਾਣੀ ਅਤੇ ਆਂਗਣਵਾਣੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ। ਉਨ੍ਹਾਂ ਵੱਲੋਂ ਵਰਕਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ ਅਤੇ ਮੌਕੇ ’ਤੇ ਹੱਲ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਆਂਗਣਵਾੜੀ ਸੈਂਟਰ ਦੀ ਬਿਲਡਿੰਗ ਦਾ ਬੁਨਿਆਦੀ ਢਾਂਚਾ ਚੈੱਕ ਕੀਤਾ ਗਿਆ, ਜਿਸ ਵਿੱਚ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦੀ ਸੁਵਿਧਾ ਦੀ ਜਾਂਚ ਕੀਤੀ।  ਇਸ ਤੋਂ ਇਲਾਵਾ ਉਹਨਾਂ ਪਿੰਡ ਈਨਾ ਖੇੜਾ ਵਿਖੇ ਆਂਗਣਵਾੜੀ ਸੈਂਟਰ ਦੀ ਵੀ ਅਚਨਚੇਤ ਚੈਕਿੰਗ ਕੀਤੀ ਅਤੇ ਮਨਰੇਗਾ ਅਧੀਨ ਬਣ ਰਹੇ ਆਂਗਨਵਾੜੀ ਸੈਂਟਰ ਦੀ ਬਿਲਡਿੰਗ ਦਾ ਵੀ ਜਾਇਜ਼ਾ ਲਿਆ।