ਜਿਲ੍ਹਾ ਪੀਸੀਪੀਐਨਡੀਟੀ ਸਲਾਹਕਾਰ ਕਮੇਟੀ ਦੀ ਮੀਟਿੰਗ ਕੀਤੀ

ਫਾਜਿਲਕਾ 01 ਅਪ੍ਰੈਲ 2025 : ਪੰਜਾਬ ਸਰਕਾਰ ਦੇ ਹੁਕਮਾਂ ਅਤੇ ਸਿਵਲ ਸਰਜਨ ਫਾਜਿਲਕਾ ਡਾ ਚੰਦਰ ਸ਼ੇਖਰ ਕੱਕੜ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਵਿਖੇ ਜਿਲ੍ਹਾ ਪੀਸੀਪੀਐਨਟੀ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਜਿਲ੍ਹੇ ਵਿੱਚ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਅਤੇ ਪੀਸੀਪੀਐਨਡੀਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸਮੇਤ ਵੱਖ—ਵੱਖ ਏਜੰਡਿਆਂ ਤੇ ਵਿਚਾਰ—ਵਿਟਾਂਦਰਾ ਕੀਤਾ ਗਿਆ। ਡਾ ਕਵਿਤਾ ਸਿੰਘ ਨੇ ਜਿਲ੍ਹਾ ਸਲਾਹਕਾਰ ਕਮੇਟੀ ਦੇ ਮੈਂਬਰਾਂ ਨੂੰ ਮੀਟਿੰਗ ਦੇ ਏਜੰਡੇ ਸਬੰਧੀ ਵਿਸਥਾਰ ਨਾਲ  ਜਾਣਕਾਰੀ ਦਿੱਤੀ। ਸਿਵਲ ਸਰਜਨ ਡਾ ਚੰਦਰ ਸ਼ੇਖਰ ਕੱਕੜ ਨੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਕਵਿਤਾ ਸਿੰਘ ਨੂੰ ਜਿਲ੍ਹੇ ਦੇ ਅਲਟਰਾਸਾਊਂਡ ਸਕੈਨ ਕੇਂਦਰਾ ਤੇ ਹੋਰ ਸਖਤ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪੀਸੀਪੀਐਨਡੀਟੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਤੇ ਸਿਹਤ ਵਿਭਾਗ ਦੀ ਤਿੱਖੀ ਨਜ਼ਰ ਹੈ। ਜਿਲ੍ਹੇ ਅੰਦਰ ਅਲਟਰਾਸਾਉਂਡ ਸਕੈਨ ਸੈਂਟਰਾਂ ਦੀ ਚੈਕਿੰਗ ਨਿਰੰਤਰ ਜਾਰੀ ਹੈ।  ਇਸ ਐਕਟ ਅਧੀਨ ਸਕੈਨ ਸੈਂਟਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਸੈਂਟਰਾਂ ਦੀ ਰਜਿਸ਼ਟ੍ਰੇਸ਼ਨ ਨੂੰ ਨਵਿਆਉਣ ਲਈ ਵੀ ਸਮੇ ਸਿਰ ਲੋੜੀਂਦੀ ਕਾਰਵਾਈ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਗਰਭ ਵਿਚ ਪਲ ਰਹੇ ਭਰੂਣ ਦੇ ਲਿੰਗ ਦੀ ਜਾਂਚ ਕਰਨਾ ਜਾ ਜਾਂਚ ਕਰਵਾਉਣ ਲਈ ਗਰਭਵਤੀ ਮਹਿਲਾ ਤੇ ਦਬਾਅ ਪਾਉਣਾ ਕਾਨੂੰਨ ਦੀ ਨਜ਼ਰ ਵਿਚ ਜੁਰਮ ਹੈ ਤੇ ਐਕਟ ਦੇ ਤਹਿਤ ਅਜਿਹਾ ਮਾਮਲਾ ਸਾਹਮਣੇ ਆਉਣ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਅਪਰਾਧ ਵਿਚ ਸ਼ਾਮਲ ਡਾਕਟਰ ਤੋਂ ਲੈ ਕੇ ਜਾਂਚ ਕਰਨ ਅਤੇ ਕਰਵਾਉਣ ਵਾਲੇ ਬਰਾਬਰ ਦੋਸ਼ੀ ਮੰਨੇ ਜਾਦੇ ਹਨ ਅਤੇ ਅਪਰਾਧ ਸਾਥਿਤ ਹੋਣ ਦੀ ਸੂਰਤ ਵਿਚ ਘੱਟੋ—ਘੱਟ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ। ਉਹਨਾਂ ਕਿਹਾ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਸਮਾਜ ਦੇ ਹਰ ਜਿੰਮੇਵਾਰ ਵਿਅਕਤੀ ਨੂੰ ਆਪਣਾ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਡਾ ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਜੜੋਂ ਖਤਮ ਲਈ ਪੂਰੀ ਤਰ੍ਹਾਂ ਗੰਭੀਰ ਹੈ, ਇਸ ਲਈ ਜਿਲ੍ਹੇ ਵਿੱਚ  ਪੀਸੀਪੀਐਨਡੀਟੀ ਐਕਟ ਦੀ ਉਲੰਘਣਾ ਕਰਨ ਵਾਲੇ ਨੂੰ ਬਖਸਿਆ ਨਹੀਂ ਜਾਵੇਗਾ। ਉਹਨਾਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਭਰੂਣ ਹੱਤਿਆ ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ।