ਫਰੀਦਕੋਟ 7 ਜੂਨ : ਡਿਪਟੀ ਕਮਿਸਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਫਰੀਦਕੋਟ ਵਿਖੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਅਮਨਦੀਪ ਸਿੰਘ ਸੋਢੀ ਦੀ ਯੋਗ ਅਗਵਾਈ ਵਿੱਚ ਪ੍ਰੋਟੈਕਸ਼ਨ ਅਫਸਰ (ਆਈ.ਸੀ) ਸੁਖਮੰਦਰ ਸਿੰਘ ਵੱਲੋਂ ਵੱਖ ਵੱਖ ਦੁਕਾਨਾਂ ਅਤੇ ਹੋਰ ਥਾਵਾਂ ਤੇ ਜਾ ਕੇ ਬਾਲ ਮਜ਼ਦੂਰੀ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 14 ਸਾਲ ਤੋ ਘੱਟ ਉਮਰ ਦੇ ਬੱਚਿਆ ਤੋ ਮਜ਼ਦੂਰੀ ਕਰਵਾਉਣਾ ਗੈਰ ਕਾਨੂੰਨੀ ਹੈ ਅਤੇ ਖਤਰਨਾਕ ਕਿੱਤਿਆ ਜਿਵੇ ਕਿ ਭੱਠੇ,ਫੈਕਟਰੀਆਂ ਆਦਿ ਵਿੱਚ 18 ਸਾਲ ਤੋ ਘੱਟ ਉਮਰ ਦੇ ਬੱਚਿਆ ਨੂੰ ਕੰਮ ਕਰਨ ਦੀ ਮਨਾਹੀ ਹੈ। ਬਾਲ ਮਜਦੂਰੀ ਕਰਵਾਉਣ ਵਾਲੇ ਨੂੰ 20 ਹਜਾਰ ਰੁਪਏ ਤੋ ਲੈ ਕੇ 50 ਹਜਾਰ ਰੁਪਏ ਤੱਕ ਦਾ ਜੁਰਮਾਨਾ ਅਤੇ 2 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਬਾਲ ਮਜ਼ਦੂਰੀ ਨੂੰ ਖਤਮ ਕਰਨ ਲਈ 01/06/2023 ਤੋ 30/06/2023 (ਜੂਨ ਮਹੀਨਾ) ਬਾਲ ਮਜਦੂਰੀ ਖਾਤਮਾ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਜਿਲ੍ਹੇ ਵਿੱਚੋਂ ਬਾਲ ਮਜਦੂਰੀ ਅਤੇ ਬਾਲ ਭਿੱਖਿਆ ਨੂੰ ਰੋਕਣ ਲਈ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਾਲ ਮਜਦੂਰੀ ਸਬੰਧੀ ਕੋਈ ਵੀ ਵਿਅਕਤੀ ਪੈਨਸਿਲ ਪੋਰਟਲ ਤੇ ਜਾਂ ਕੇ ਘਰ ਬੈਠ ਕੇ ਆਨਲਾਈਨ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਜਾਂ 1098 ਤੇ ਕਾਲ ਕਰਕੇ ਵੀ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆ ਤੋ ਕੰਮ ਕਰਵਾਉਣ ਦੀ ਬਜਾਏ ਉਨ੍ਹਾਂ ਨੂੰ ਪੜ੍ਹਨ ਲਈ ਸਕੂਲ ਭੇਜਣਾ ਚਾਹੀਦਾ ਹੈ ਤਾਂ ਜੋ ਉਹ ਪੜ੍ਹ-ਲਿਖ ਕੇ ਆਪਣੇ ਪੈਰਾ ਤੇ ਖੜੇ ਹੋ ਸਕਣ ਅਤੇ ਆਪਣਾ ਭਵਿੱਖ ਸਵਾਰ ਸਕਣ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਰਕਾਰ ਵੱਲੋਂ ਚਲਾਈ ਜਾਂਦੀ ਸਪਾਂਸਰਸ਼ਿਪ ਸਕੀਮ ਦਾ ਲਾਭ ਵੀ ਦਿੱਤਾ ਜਾਦਾ ਹੈ।