ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੇ ਆਂਗਣਵਾੜੀ ਵਰਕਰਾਂ ਨੂੰ ਬਾਲ ਵਿਆਹ ਦੀ ਰੋਕਥਾਮ ਸਬੰਧੀ ਕੀਤਾ ਜਾਗਰੂਕ

ਫਰੀਦਕੋਟ 2 ਅਗਸਤ : ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਫਰੀਦਕੋਟ ਵੱਲੋਂ ਜਿਲ੍ਹਾ ਬਾਲ ਸੁਰੱਖਿਆ ਅਫਸਰ, ਫਰੀਦਕੋਟ ਅਮਨਦੀਪ ਸਿੰਘ ਸੋਢੀ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਪ੍ਰੋਗਰਾਮ ਦਫਤਰ ਵਿਖੇ ਅਵੇਅਰਨੈਸ ਕੈਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਪ੍ਰੋਟੈਕਸ਼ਨ ਅਫਸਰ ਆਈ.ਸੀ. ਸੁਖਮੰਦਰ ਸਿੰਘ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਬਾਲ ਵਿਆਹ ਬਾਰੇ ਵਿਸਥਾਰ ਪੂਰਵਕ ਦੱਸਿਆ ਕਿ ਚਾਈਲਡ ਮੈਰਿਜ ਐਕਟ, 2006 ਤਹਿਤ ਬਾਲ ਵਿਆਹ ਕਰਨਾ ਕਾਨੂੰਨੀ ਜੁਰਮ ਹੈ। ਇਸ ਐਕਟ ਤਹਿਤ ਵਿਆਹ ਲਈ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ 18 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਵਿਆਹ ਕਰੇਗਾ ਤਾਂ ਉਸਨੂੰ 2 ਸਾਲ ਦੀ ਕਠੋਰ ਸਜਾ ਜਾਂ ਇੱਕ ਲੱਖ ਰੁਪਏ ਜੁਰਮਾਨਾ ਦੀ ਸਜਾ ਹੋ ਸਕਦੀ ਹੈ ਅਤੇ ਅਜਿਹੇ ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਦੇ ਖਿਲਾਫ ਵੀ ਸਜਾ ਦਾ ਨਿਯਮ ਹੈ। ਉਨ੍ਹਾਂ  ਦੱਸਿਆ ਕਿ ਪਿੰਡਾਂ ਵਿੱਚ ਜਿਆਦਾਤਰ ਵਿਆਹ ਗੁਰੂਦੁਆਰਾ ਸਾਹਿਬ ਵਿੱਚ ਹੀ ਹੁੰਦੇ ਹਨ ਅਤੇ ਗ੍ਰੰਥੀ ਸਿੰਘਾਂ ਦਾ ਅਹਿਮ ਰੋਲ ਹੁੰਦਾ ਹੈ। ਇਸ ਲਈ ਗ੍ਰੰਥੀ ਸਿੰਘਾਂ ਨੂੰ ਚਾਈਲਡ ਮੈਰਿਜ ਐਕਟ ਬਾਰੇ ਜਾਗਰੂਕ ਕਰਕੇ ਪਿੰਡਾਂ ਵਿੱਚ ਹੁੰਦੇ ਬਾਲ ਵਿਆਹਾਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਜੇਕਰ ਤੁਹਾਡੇ ਗੁਆਂਢ ਜਾਂ ਆਲੇ ਦੁਆਲੇ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਚਾਈਲਡ ਲਾਈਨ ਹੈਲਪ ਲਾਈਨ ਨੰਬਰ 1098 ਤੇ ਦਿਤੀ ਜਾਵੇ।