- ਇੰਟਰ ਮਾਰਕਿਟ ਮੁਕਾਬਲੇ ਦੇ ਜੇਤੂਆਂ ਨੂੰ 2 ਅਕਤੂਬਰ ਨੂੰ ਮਿਲੇਗਾ ਸਨਮਾਨ
- ਸਫ਼ਾਈ ਮਿੱਤਰ ਤੇ ਵਾਯੂ ਮਿੱਤਰ ਸਕੂਲਾਂ 'ਚ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸ਼ੁੱਧਤਾ ਦਾ ਸੁਨੇਹਾ ਦੇਣਗੇ : ਡਿਪਟੀ ਕਮਿਸ਼ਨਰ
- ਕਿਹਾ, ਸਕੂਲੀ ਵਿਦਿਆਰਥੀਆਂ ਦੇ ਐਮ.ਆਰ.ਐਫ਼ ਸੈਂਟਰਾਂ ਦੇ ਕਰਵਾਏ ਜਾਣਗੇ ਦੌਰੇ
- ਐਮ.ਆਰ.ਐਫ ਸੈਂਟਰਾਂ ਵਿਖੇ ਪਲਾਸਟਿਕ ਜਮਾਂ ਕਰਵਾਉਣ ਵਾਲਿਆਂ ਨੂੰ ਸਰਟੀਫਿਕੇਟ ਤੇ ਸਰਪਰਾਈਜ਼ ਗਿਫ਼ਟ ਦਿੱਤੇ ਜਾਣਗੇ
ਪਟਿਆਲਾ, 16 ਸਤੰਬਰ : 2 ਅਕਤੂਬਰ ਤੱਕ ਚੱਲਣ ਵਾਲੀ ਸਵੱਛਤਾ ਲੀਗ-2 ਸਬੰਧੀ ਜ਼ਿਲ੍ਹੇ ਵਿੱਚ ਕਰਵਾਈਆਂ ਜਾਣ ਵਾਲੀਆਂ ਵੱਖ ਵੱਖ ਗਤੀਵਿਧੀਆਂ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਕਰਨ ਅਤੇ ਸਵੱਛਤਾ ਲੀਗ ਦੇ ਮਾਪਦੰਡਾਂ ਮੁਤਾਬਕ ਸਾਫ਼ ਸੁਥਰਾਂ ਬਣਾਉਣ ਲਈ ਹਰੇਕ ਨਾਗਰਿਕ ਦਾ ਯੋਗਦਾਨ ਜ਼ਰੂਰੀ ਹੈ, ਇਸ ਲਈ ਜ਼ਿਲ੍ਹੇ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਵਿੱਚ ਹਰੇਕ ਉਮਰ ਵਰਗ ਨੂੰ ਸ਼ਾਮਲ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੁਰਪ੍ਰੀਤ ਸਿੰਘ ਥਿੰਦ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੂਪ੍ਰੀਤਾ ਜੌਹਲ ਵੀ ਮੌਜੂਦ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਕਰਨ ਲਈ ਨਗਰ ਨਿਗਮ ਤੇ ਨਗਰ ਕੌਂਸਲਾਂ ਦੇ ਐਮ.ਆਰ.ਐਫ. ਸੈਂਟਰਾਂ 'ਤੇ ਜੇਕਰ ਕੋਈ ਵਿਅਕਤੀ ਦੋ ਕਿਲੋ ਪਲਾਸਟਿਕ ਲੈਕੇ ਆਉਂਦਾ ਹੈ ਤਾਂ ਉਸ ਨੂੰ ਸਰਟੀਫਿਕੇਟ ਅਤੇ ਸਰਪਰਾਈਜ਼ ਗਿਫ਼ਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਐਮ.ਆਰ.ਐਫ਼ ਸੈਂਟਰਾਂ ਦੇ ਦੌਰੇ ਵੀ ਕਰਵਾਏ ਜਾਣ ਤਾਂ ਜੋ ਵਿਦਿਆਰਥੀਆਂ ਨੂੰ ਵੀ ਪਤਾ ਲੱਗ ਸਕੇ ਕਿ ਕੂੜੇ ਦਾ ਨਿਪਟਾਰਾ ਕਰਨ ਦੀ ਸਹੀ ਵਿਧੀ ਕੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਸਫ਼ਾਈ ਮਿੱਤਰ ਅਤੇ ਵਾਯੂ ਮਿੱਤਰ ਦੇ ਵਿਸ਼ੇਸ ਲੈਕਚਰ ਕਰਵਾਏ ਜਾਣਗੇ, ਜੋ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸ਼ੁੱਧਤਾ ਦਾ ਸੁਨੇਹਾ ਦੇਣਗੇ। ਉਨ੍ਹਾਂ ਕਿਹਾ ਕਿ ਸਵੱਛਤਾ ਲਈ ਚੰਗਾ ਕੰਮ ਕਰਨ ਵਾਲਿਆਂ ਲਈ ਸਵੱਛਤਾ ਹੀਰੋ ਵਾਲ ਵੀ ਤਿਆਰ ਕੀਤੀ ਜਾਵੇਗੀ। ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਬਾਜ਼ਾਰਾਂ ਨੂੰ ਪਲਾਸਟਿਕ ਮੁਕਤ ਕਰਨ ਲਈ ਇਨ੍ਹਾਂ ਦੇ ਇੰਟਰ ਮਾਰਕਿਟ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ 2 ਅਕਤੂਬਰ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਸਵੱਛ ਤਿੰਨ ਪਿੰਡਾਂ ਨੂੰ ਵੀ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਨਗਰ ਨਿਗਮ, ਨਗਰ ਕੌਂਸਲਾਂ ਅਤੇ ਵਿੱਦਿਅਕ ਅਦਾਰਿਆਂ ਨੂੰ ਸਵੱਛਤਾ ਦੇ ਬਰਾਂਡ ਅੰਬੈਸਡਰ ਬਣਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਆਪਣੇ ਖੇਤਰ ਨਾਲ ਸਬੰਧਤ ਅਜਿਹੇ ਵਿਅਕਤੀਆਂ ਨੂੰ ਬਰਾਂਡ ਅੰਬੈਸਡਰ ਬਣਾਇਆ ਜਾਵੇ ਜਿਨ੍ਹਾਂ ਵੱਲੋਂ ਸਵੱਛਤਾ ਵਿੱਚ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਵਿੱਦਿਅਕ ਅਦਾਰਿਆਂ ਨੂੰ ਵੈਸਟ ਨੂੰ ਵੈਲਥ ਸ਼ੁਰੂ ਕਰਨ, ਕੁਇਜ਼ ਮੁਕਾਬਲੇ, ਨੁੱਕੜ ਨਾਟਕ, ਜਾਗਰੂਕਤਾ ਰੈਲੀ ਤੇ ਪੇਂਟਿੰਗ ਮੁਕਾਬਲੇ ਕਰਵਾਉਣ ਦੀ ਹਦਾਇਤ ਕੀਤੀ। ਜਦਕਿ ਕਾਰਜਸਾਧਕ ਅਫ਼ਸਰ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿੱਚ ਅਤੇ ਬੀ.ਡੀ.ਪੀ.ਓਜ਼ ਪਿੰਡਾਂ ਵਿੱਚ ਸਵੱਛਤਾ ਸਬੰਧੀ ਜਾਗਰੂਕਤਾ ਮੁਹਿੰਮ ਚਲਾਉਣਗੇ। ਇਸ ਤੋਂ ਇਲਾਵਾ ਕਿਲ੍ਹਾ ਮੁਬਾਰਕ ਵਿਖੇ ਵੀ ਐਤਵਾਰ ਨੂੰ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਮੀਟਿੰਗ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਮ.ਆਰ.ਐਫ. ਸੈਂਟਰ ਫੋਕਲ ਪੁਆਇੰਟ, 21 ਨੰਬਰ ਫਾਟਕ, ਨਵੀਂ ਰੇਹੜੀ ਮਾਰਕਿਟ, ਬਿਸ਼ਨ ਨਗਰ ਅਤੇ ਝਿੱਲ ਪਿੰਡ ਵਿਖੇ ਦੋ ਕਿਲੋ ਪਲਾਸਟਿਕ ਜਮ੍ਹਾਂ ਕਰਵਾਉਣ ਵਾਲੇ ਵਿਅਕਤੀ ਨੂੰ ਸਰਟੀਫਿਕੇਟ ਅਤੇ ਗਿਫ਼ਟ ਦਿੱਤਾ ਜਾਵੇਗਾ।