ਫਾਜ਼ਿਲਕਾ, 27 ਜੁਲਾਈ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਸਰਹੱਦੀ ਪਿੰਡਾਂ ਵਿਚ ਹੜ੍ਹਾਂ ਦੀ ਤਾਜਾ ਸਥਿਤੀ ਨੂੰ ਲੈ ਕੇ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਪਿੰਡਾਂ ਦੇ ਲੋਕਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਿਆ ਜਾਵੇ ਅਤੇ ਹਰ ਹੀਲੇ ਮੰਗ ਅਨੁਸਾਰ ਰਾਹਤ ਸਮੱਗਰੀ ਪਹੁੰਚਾਈ ਜਾਵੇ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੁੰ ਕਿਹਾ ਕਿ ਪਿੰਡ ਤੇਜਾ ਰੁਹੇਲਾ, ਚੱਕ ਰੁਹੇਲਾ, ਮੁਹਾਰ ਜਮਸ਼ੇਰ ਅਤੇ ਦੋਨਾ ਨਾਨਕਾ ਜਿਥੇ ਪਾਣੀ ਕਾਫੀ ਮਾਤਰਾ ਵਿਚ ਆ ਚੁੱਕਿਆ ਹੈ, ਪਿੰਡਾਂ ਦੇ ਲੋਕਾਂ ਨੁੰ ਰਾਹਤ ਕੈਂਪਾਂ ਵਿਚ ਆਉਣ ਲਈ ਅਪੀਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰਾਹਤ ਕੈਂਪਾਂ ਵਿਚ ਉਨ੍ਹਾਂ ਲਈ ਹਰ ਪ੍ਰਕਾਰ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਪਰਿਵਾਰ ਪਿੰਡ ਛੱਡ ਕੇ ਨਹੀਂ ਆਉਣਾ ਚਾਹੁੰਦਾ, ਉਨ੍ਹਾਂ ਤੱਕ ਵੀ ਅਧਿਕਾਰੀ ਹਰ ਪ੍ਰਕਾਰ ਦੀ ਰਾਹਤ ਸਮੱਗਰੀ ਪੁੱਜਦੀ ਕਰਨੀ ਯਕੀਨੀ ਬਣਾਈ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸੈਨੀਵਾਲਾ ਹੈਡ ਵਰਕਸ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਜ਼ੋ ਕਿ ਫਾਜ਼ਿਲਕਾ ਜ਼ਿਲੇ੍ਹ ਵਿਚ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਮੂਹ ਵਿਭਾਗਾਂ ਦੇ ਅਧਿਕਾਰੀ ਆਪੋ—ਆਪਣੀਆਂ ਡਿਉਟੀਆਂ ਪ੍ਰਤੀ ਸੁਚੇਤ ਰਹਿਣ ਤੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਕਾਰਜਸ਼ੀਲ ਰਹਿਣ। ਉਨ੍ਹਾਂ ਕਿਹਾ ਕਿ ਰਾਹਤ ਕੈਂਪਾਂ ਵਿਖੇ ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਹਰ ਸਮੇਂ ਮੌਜੂਦ ਰਹਿਣ, ਪਸ਼ੂਆਂ ਲਈ ਚਾਰਾ, ਪੱਠੇ, ਪਿੰਡਾਂ ਵਿਚ ਫੌਗਿੰਗ, ਆਵਾਜਾਈ ਲਈ ਟਰੈਕਟਰ—ਟਰਾਲੀਆਂ ਆਦਿ ਹੋਰ ਰਾਹਤ ਸਮੱਗਰੀ ਆਦਿ ਦੇ ਇੰਤਜਾਮ ਪਹਿਲਾਂ ਤੋਂ ਹੀ ਕਰਨ ਦੇ ਆਦੇਸ਼ ਦਿੱਤੇ। ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਅਮਿਤ ਕੁਮਾਰ ਪਾਂਚਾਲ, ਐਸ.ਡੀ.ਐਮ. ਸ੍ਰੀ ਨਿਕਾਸ ਖੀਚੜ, ਸਹਾਇਕ ਕਮਿਸ਼ਨਰ ਸ. ਸਾਰੰਗਪ੍ਰੀਤ ਸਿੰਘ, ਐਸ.ਪੀ. ਮੋਹਨ ਲਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਜੀਵ ਕੁਮਾਰ, ਨਾਇਬ ਤਹਿਸੀਲਦਾਰ ਅਵਿਨਾਸ਼ ਚੰਦਰ ਤੇ ਅੰਜੂ ਬਾਲਾ, ਬੀ.ਐਸ.ਐਫ., ਆਰਮੀ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵਿਭਾਗੀ ਅਧਿਕਾਰੀ ਮੌਜੂਦ ਸਨ।