- ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ
ਲੁਧਿਆਣਾ, 23 ਮਾਰਚ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਪਹਿਲੀ ਜੂਨ ਨੂੰ ਵੋਟਾਂ ਵਾਲੇ ਦਿਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਆਪਣੀ ਵੋਟ ਪਾਉਣ। ਸਥਾਨਕ ਜਗਰਾਉਂ ਪੁਲ 'ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਸਾਹਨੀ ਨੇ ਕਿਹਾ ਕਿ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਆਂ ਦੇ ਅਣਥੱਕ ਸੰਘਰਸ਼ ਸਦਕਾ ਭਾਰਤੀਆਂ ਨੂੰ ਵੋਟ ਦਾ ਅਧਿਕਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਦੇਸ਼ ਅਤੇ ਆਪਣੀ ਮਾਤ ਭੂਮੀ ਦੀ ਖਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ। ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਸਾਡੇ ਪੁਰਖਿਆਂ ਦੀਆਂ ਲਾਸਾਨੀ ਕੁਰਬਾਨੀਆਂ ਤੋਂ ਬਾਅਦ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ ਤੇ ਇਸ ਨੂੰ ਅਜਾਈਂ ਨਹੀਂ ਗੁਆਣਾ ਚਾਹੀਦਾ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਨੌਜਵਾਨ ਦੇਸ਼ ਹੈ ਜਿਸ ਦੀ ਆਬਾਦੀ ਦਾ ਵੱਡਾ ਹਿੱਸਾ 18 ਸਾਲ ਤੋਂ ਉੱਪਰ ਹੈ, ਇਸ ਲਈ ਇਹ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ ਕਿ ਹਰ ਨੌਜਵਾਨ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰਡ ਕਰੇ ਅਤੇ 1 ਜੂਨ ਨੂੰ ਇਮਾਨਦਾਰੀ ਨਾਲ ਵੋਟ ਪਾਵੇ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਭਾਰਤ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ਨੌਜਵਾਨ ਅੱਗੇ ਆਉਣ ਅਤੇ ਤਨ-ਮਨ ਨਾਲ ਲੋਕਤੰਤਰੀ ਪ੍ਰਕਿਰਿਆ ਵਿੱਚ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਨਵੇਂ ਰੂਪ ਅਤੇ ਵਿਚਾਰ ਦੇਣ ਲਈ ਦੇਸ਼ ਦੇ ਨੌਜਵਾਨ ਵੋਟਰਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਯੋਗ ਹਨ ਪਰ ਹਾਲੇ ਆਪਣੀ ਵੋਟ ਨਹੀਂ ਬਣਵਾਈ, ਉਹ ਵੋਟ ਬਣਾਉਣ ਲਈ ਅਪਲਾਈ ਕਰ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਨੌਜਵਾਨ ਆਪਣੇ ਕੰਪਿਊਟਰ ਜਾਂ ਮੋਬਾਈਲ 'ਤੇ ਇਕ ਕਲਿੱਕ ਰਾਹੀਂ ਵੋਟਰ ਵਜੋਂ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸਹੂਲਤ ਲਈ, ਭਾਰਤੀ ਚੋਣ ਕਮਿਸ਼ਨ ਨੇ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਅਤੇ ਵੋਟਰ ਹੈਲਪਲਾਈਨ ਐਪ ਲਾਂਚ ਕੀਤੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਵੇਂ ਵੋਟਰ ਵਜੋਂ ਰਜਿਸਟਰਡ ਕਰਵਾਉਣ ਲਈ ਵੈਬਸਾਈਟ ਲਿੰਕ www.nvsp.in 'ਤੇ ਕਲਿੱਕ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨ ਵੋਟਰ ਹੈਲਪਲਾਈਨ ਐਪ ਨੂੰ ਆਪਣੇ ਐਂਡਰੌਇਡ ਫੋਨ ਵਿੱਚ ਗੂਗਲ ਪਲੇ ਸਟੋਰ ਤੋਂ ਵੀ ਡਾਊਨਲੋਡ ਕਰ ਸਕਦੇ ਹਨ ਤਾਂ ਜੋ ਵੋਟਰਾਂ ਵਜੋਂ ਆਪਣਾ ਨਾਮ ਦਰਜ ਕਰਵਾਇਆ ਜਾ ਸਕੇ।