ਫਾਜਿ਼ਲਕਾ, 9 ਜੁਲਾਈ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਹੈ ਕਿ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਕਈ ਖੇਤਰਾਂ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਾਰਿਸ ਹੋਣ ਕਾਰਨ ਡੈਮਾਂ ਤੋਂ ਕਾਫੀ ਮਾਤਰਾ ਵਿਚ ਪਾਣੀ ਛੱਡਿਆ ਗਿਆ ਹੈ। ਅੱਜ ਵੀ ਰੋਪੜ ਹੈਡਵਰਕਸ ਤੋਂ ਕਾਫੀ ਪਾਣੀ ਛੱਡਿਆ ਗਿਆ ਹੈ ਜ਼ੋ ਕਿ ਆਉਣ ਵਾਲੇ ਸਮੇਂ ਵਿਚ ਸਤਲੁਜ਼ ਦਰਿਆ ਰਾਹੀਂ ਫਾਜਿ਼ਲਕਾ ਦੇ ਦਰਿਆ ਨਾਲ ਲੱਗਦੇ ਇਲਾਕਿਆਂ ਵਿਚ ਪੁੱਜੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਹੁਸੈਨੀਵਾਲਾ ਹੈਡਵਰਕਸ ਤੋਂ 20 ਹਜਾਰ ਕਿਉਸਿਕ ਪਾਣੀ ਛੱਡਿਆ ਗਿਆ ਹੈ ਅਤੇ ਇਸ ਨੂੰ ਹੋਰ ਵਧਾ ਕੇ ਡਿਸਚਾਰਜ 25 ਹਜਾਰ ਕਿਉਸਿਕ ਕੀਤਾ ਜਾ ਰਿਹਾ ਹੈ। ਕਲ ਸਵੇਰ ਤੱਕ ਇਹ ਪਾਣੀ ਫਾਜਿ਼ਲਕਾ ਜਿ਼ਲ੍ਹੇ ਵਿਚ ਸਤਲੁਜ਼ ਦਰਿਆ ਰਾਹੀਂ ਪੁੱਜੇਗਾ। ਇਸ ਨਾਲ ਫਾਜਿ਼ਲਕਾ ਦੇ ਮਹਾਤਮ ਨਗਰ, ਤੇਜਾ ਰੁਹੇਲਾ, ਹਸਤਾਂ ਕਲਾਂ, ਵੱਲੇ ਸ਼ਾਹ ਹਿਠਾੜ, ਚੱਕ ਰੁਹੇਲਾ, ਝੰਗੜ ਭੈਣੀ, ਮੁਹਾਰ ਜਮਸ਼ੇਰ ਆਦਿ ਪਿੰਡਾਂ ਵਿਚ ਹੜ੍ਹ ਦਾ ਪਾਣੀ ਆ ਸਕਦਾ ਹੈ। ਇਸ ਲਈ ਇੰਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣਾ ਮਾਲ ਡੰਗਰ ਤੇ ਕੀਮਤੀ ਸਮਾਨ ਲੈ ਕੇ ਸਤਲੁਜ਼ ਦੇ ਚੜ੍ਹਦੇ ਪਾਸੇ ਵਾਲੇ ਬਣੇ ਰਾਹਤ ਕੇਂਦਰਾਂ ਵਿਚ ਪੁੱਜਣ। ਉਨ੍ਹਾਂ ਦੱਸਿਆ ਕਿ ਜਿਲ਼੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਰਾਹਤ ਕੈਂਪ ਪਿੰਡ ਮੌਜਮ, ਹਸਤਾਂਕਲਾਂ, ਆਸਫਵਾਲਾ, ਸੰਤ ਕਬੀਰ ਪੋਲੀਟੈਕਨਿਕ ਕਾਲਜ ਫਾਜਿਲਕਾ, ਸਲੇਮਸ਼ਾਹ ਵਿਚ ਬਣਾਏ ਗਏ ਹਨ। ਇਸ ਲਈ ਇੰਨ੍ਹਾਂ ਪਿੰਡਾਂ ਦੇ ਲੋਕ ਜਿ਼ਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਦੇ ਨੰਬਰ 01638—262153 ਤੇ ਕਾਲ ਕਰਕੇ ਵੀ ਹੋਰ ਜਾਣਕਾਰੀ ਲੈ ਸਕਦੇ ਹਨ। ਇਸਤੋਂ ਬਿਨ੍ਹਾਂ ਡਿਪਟੀ ਕਮਿਸ਼ਨਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਨਦੀ ਦੇ ਨੇੜੇ ਨਾ ਜਾਇਆ ਜਾਵੇ ਅਤੇ ਇੰਨ੍ਹਾਂ ਪਿੰਡਾਂ ਦੇ ਲੋਕ ਸੁਰੱਖਿਅਤ ਥਾਂਵਾਂ ਤੇ ਪੱੁਜਣ। ਇਸ ਲਈ ਜਿ਼ਲ੍ਹਾ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ।