- ਗੋਬਿੰਦਪੁਰਾ ਵਿਖੇ ਨਵੇਂ ਬਣ ਰਹੇ ਆਮ ਆਦਮੀ ਕਲੀਨਿਕ ਦੇ ਚਲ ਰਹੇ ਕੰਮ ਨੂੰ 12 ਅਗਸਤ ਤੱਕ ਮੁਕੰਮਲ ਕਰਨ ਦੇ ਆਦੇਸ਼
- ਮਰੀਜ਼ਾਂ ਨੂੰ ਸੁਖਾਵੇਂ ਮਾਹੌਲ ਵਿਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਹਦਾਇਤ
ਮਾਨਸਾ, 04 ਅਗਸਤ : ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਅਤੇ ਐਸ.ਡੀ.ਐਮ. ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ ਨੇ ਸਿਵਲ ਹਸਪਤਾਲ ਬੋਹਾ ਵਿਖੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਨੇ ਆਮ ਆਦਮੀ ਕਲੀਨਿਕ ਵਿਚ ਮਿਲਣ ਵਾਲੀਆਂ ਸਿਹਤ ਸਹੂਲਤਾਂ ਜਿਵੇਂ ਕਿ ਸਿਹਤ ਜਾਂਚ, ਦਵਾਈਆਂ, ਟੈਸਟ ਅਤੇ ਸਾਫ ਸਫਾਈ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਆਮ ਆਦਮੀ ਕਲੀਨਿਕ ਦੇ ਅਮਲੇ ਨਾਲ ਗੱਲਬਾਤ ਕਰਦਿਆਂ ਕਲੀਨਿਕ ਅੰਦਰ ਲੋੜੀਂਦੀ ਜ਼ਰੂਰਤ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ ਆਮ ਆਦਮੀ ਕਲੀਨਿਕ ਅੰਦਰ ਹਰ ਲੋੜੀਂਦਾ ਸਾਮਾਨ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਲੀਨਿਕ ਅੰਦਰ ਸਿਹਤ ਸਹੂਲਤਾਂ, ਸਾਜੋ ਸਾਮਾਨ ਅਤੇ ਕਾਰਜ ਪ੍ਰਣਾਲੀ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਇਸ ਮੌਕੇ ਆਮ ਆਦਮੀ ਕਲੀਨਿਕ ਵਿਚ ਕੰਮ ਕਰਦੇ ਅਮਲੇ ਦੀ ਹਾਜ਼ਰੀ ਵੀ ਚੈੱਕ ਕੀਤੀ ਅਤੇ ਸਟਾਫ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਸੁਖਾਵੇਂ ਮਾਹੌਲ ਅੰਦਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਇਸ ਉਪਰੰਤ ਉਨ੍ਹਾਂ ਪਿੰਡ ਗੋਬਿੰਦਪੁਰਾ ਵਿਖੇ ਨਵੇਂ ਬਣ ਰਹੇ ਆਮ ਆਦਮੀ ਕਲੀਨਿਕ ਦੇ ਕੰਮ ਦਾ ਜਾਇਜ਼ਾ ਲਿਆ। ਇੱਥੇ ਤੈਨਾਤ ਸਿਹਤ ਕਰਮੀਆਂ ਅਤੇ ਕਲੀਨਿਕ ਦੇ ਕਾਰਜ ਵਿਚ ਜੁਟੇ ਵਿਅਕਤੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ 15 ਅਗਸਤ ਨੂੰ ਸੁਤੰਤਰਤਾ ਦਿਹਾੜੇ ਵਾਲੇ ਦਿਨ ਇਹ ਕਲੀਨਿਕ ਆਮ ਲੋਕਾਂ ਦੇ ਸਪੁਰਦ ਕੀਤਾ ਜਾਣਾ ਹੈ, ਇਸ ਲਈ ਸਮਾਂ ਰਹਿੰਦਿਆਂ 12 ਅਗਸਤ ਤੱਕ ਇਸ ਦਾ ਕੰਮ ਮੁਕੰਮਲ ਕਰ ਲਿਆ ਜਾਵੇ।