- ਨੁਕਸਾਨ ਦਾ ਸਰਵੇ ਕਰਕੇ ਪ੍ਰਭਾਵਿਤ ਲੋਕਾਂ ਨੂੰ ਦਿੱਤਾ ਜਾਵੇਗਾ ਮੁਆਵਜ਼ਾ : ਡਿਪਟੀ ਕਮਿਸ਼ਨਰ
- ਪੰਜਾਬ ਸਰਕਾਰ ਮੁਸਕਿਲ ਘੜੀ ਵਿਚ ਪਿੰਡ ਵਾਸੀਆਂ ਦੇ ਨਾਲ : ਵਿਧਾਇਕ ਸਵਨਾ
ਫਾਜ਼ਿਲਕਾ, 24 ਮਾਰਚ : ਫਾਜ਼ਿਲਕਾ ਦੇ ਪਿੰਡ ਬਕੈਣ ਵਾਲਾ ਵਿਚ ਅੱਜ ਆਏ ਵਾਅ ਵਰੋਲੇ ਕਾਰਨ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਪਿੰਡ ਦਾ ਦੌਰਾ ਕਰਕੇ ਮੌਕਾ ਵੇਖਿਆ। ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਇਸ ਮੁਸਕਿਲ ਘੜੀ ਵਿਚ ਪੰਜਾਬ ਸਰਕਾਰ ਪਿੰਡ ਵਾਸੀਆਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਪ੍ਰਕਾਰ ਦੀ ਮਦਦ ਪਿੰਡ ਵਾਸੀਆਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਪਿੰਡ ਵਾਸੀਆਂ ਦੀ ਮਦਦ ਲਈ ਹਦਾਇਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਜਦੋਂ ਹੀ ਪਿੰਡ ਵਿਚ ਤੁਫਾਨ ਨਾਲ ਹੋਏ ਨੁਕਸਾਨ ਦੀ ਸੂਚਨਾ ਮਿਲੀ ਤਾਂ ਉਹ ਇੱਥੇ ਜਾਇਜੇ ਲਈ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਤੁਫਾਨ ਕਾਰਨ ਕੁਝ ਮਕਾਨਾਂ ਦੀਆਂ ਛੱਤਾਂ ਡਿੱਗ ਗਈਆਂ ਜਿਸ ਕਾਰਨ 10 ਲੋਕ ਜਖ਼ਮੀ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਜਦ ਕਿ ਫਸਲਾਂ ਅਤੇ ਮਕਾਨਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਕੱਲ ਤੋਂ ਹੀ ਸਰਵੇਖਣ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਇਕ ਪ੍ਰਭਾਵਿਤ ਨੂੰ ਸਰਕਾਰ ਦੀ ਨੀਤੀ ਅਨੁਸਾਰ ਮੁਆਵਜਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ ਲੋਕਾਂ ਦੇ ਘਰ ਪ੍ਰਭਾਵਿਤ ਹੋਏ ਹਨ ਉਨ੍ਹਾਂ ਦੇ ਰਾਤ ਰਹਿਣ ਲਈ ਫਿਲਹਾਲ ਸਕੂਲ ਦੀ ਇਮਾਰਤ ਖੋਲ ਦਿੱਤੀ ਗਈ ਹੈ ਜਦ ਕਿ ਅਗਲੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਨੁਕਸਾਨ ਦੀ ਰਿਪੋਰਟ ਪੂਰੀ ਪਾਰਦਰਸ਼ਤਾ ਨਾਲ ਬਣਾਈ ਜਾਵੇ ਅਤੇ ਰਿਪੋਰਟ ਤਿਆਰ ਕਰਨ ਤੋਂ ਬਾਅਦ ਪਿੰਡ ਵਿਚ ਲਗਾਈ ਜਾਵੇ ਤਾਂ ਜ਼ੋ ਉਸਦਾ ਸੋਸ਼ਲ ਆਡਿਟ ਹੋ ਸਕੇ। ਇਸ ਮੌਕੇ ਐਸਡੀਐਮ ਨਿਕਾਸ ਖੀਂਚੜ, ਤਹਿਸੀਲਦਾਰ ਸੁਖਦੇਵ ਸਿੰਘ ਆਦਿ ਸਮੇਤ ਵੱਖ ਵੱਖ ਅਧਿਕਾਰੀ ਹਾਜਰ ਸਨ।