- ਬਾਗ਼ਬਾਨੀ ਵਿਭਾਗ ਦੀਆਂ ਸਬਸਿਡੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਕਿਸਾਨ-ਨਿਰਵੰਤ ਸਿੰਘ
- ਤੁਪਕਾ ਸਿੰਚਾਈ ਲਈ 10,000 ਰੁਪਏ ਪ੍ਰਤੀ ਏਕੜ ਬਾਗ 'ਤੇ ਮੁਹੱਈਆ ਕਰਵਾਈ ਜਾਂਦੀ ਹੈ ਸਬਸਿਡੀ
ਮਾਲੇਰਕੋਟਲਾ 29 ਨਵੰਬਰ 2024 : ਪੰਜਾਬ ਵਿੱਚ ਫਸਲੀ ਵਿਭਿੰਨਤਾ ਨੂੰ ਪ੍ਰਫੁੱਲਤ ਕਰਨ ਲਈ ਅਤੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਬਾਗਬਾਨੀ ਵਿਭਾਗ ਵੱਲੋਂ ਕਈ ਤਰ੍ਹਾਂ ਦੀਆਂ ਸਬਸਿਡੀਆਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਸਬਜ਼ੀ ਦੇ ਦੋਗਲੇ ਬੀਜਾਂ 'ਤੇ 40 ਪ੍ਰਤੀਸ਼ਤ, ਬਾਗਬਾਨੀ ਮਸ਼ੀਨੀਕਰਨ ਅਤੇ ਮਧੂ ਮੱਖੀ ਪਾਲਣ, ਬਾਗ ਦਾ ਰਕਬਾ ਵਧਾਉਣ ਹੇਠ 40 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਡਾਇਰੈਕਟਰ, ਬਾਗਬਾਨੀ ਨਿਰਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਜ਼ਮੀਨੀ ਪਾਣੀ ਦੇ ਘਟਦੇ ਪੱਧਰ ਨੂੰ ਬਚਾਉਣ ਲਈ ਤੁਪਕਾ ਸਿੰਚਾਈ ਲਈ 10,000 ਰੁਪਏ ਪ੍ਰਤੀ ਏਕੜ ਬਾਗ 'ਤੇ ਸਬਸਿਡੀ ਮੁਹੱਈਆ ਕਰਵਾ ਰਹੀ ਹੈ। ਇਸ ਤੋਂ ਇਲਾਵਾ ਕੋਲਡ ਸਟੋਰ, ਰਾਇਪਨਿੰਗ ਚੈਂਬਰ, ਪੋਟੈਟੋ ਗ੍ਰੇਡਰ ਉੱਪਰ ਵੀ 35 ਤੋਂ 40 ਪ੍ਰਤੀਸ਼ਤ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਸੁਰੱਖਿਅਤ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸ਼ੈਡ ਨੈੱਟ ਹਾਊਸ, ਪੌਲੀ ਹਾਊਸ, ਮਲਚਿੰਗ, ਸੁਰੰਗੀ ਟਨਲ ਤੇ ਲਗਭਗ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ। ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਵਧੇਰੇ ਜਾਣਕਾਰੀ ਲੈਣ ਲਈ ਦਫਤਰ ਬਾਗਬਾਨੀ ਵਿਭਾਗ ਸੰਗਰੂਰ ਵਿਖੇ ਤਾਲਮੇਲ ਕੀਤਾ ਜਾ ਸਕਦਾ ਹੈ ਜਾ ਵਧੇਰੇ ਜਾਣਕਾਰੀ ਦਫ਼ਤਰੀ ਸਮੇਂ ਦੌਰਾਨ ਬਾਗਬਾਨੀ ਸਬ ਇੰਸਪੈਕਟਰ ਅੰਮ੍ਰਿਤ ਪਾਲ ਸਿੰਘ 98722-94281 ਤੇ ਸੰਪਰਕ ਕੀਤਾ ਜਾ ਸਕਦਾ ਹੈ।