ਮਹਿਲ ਕਲਾਂ, 26 ਮਾਰਚ (ਭੁਪਿੰਦਰ ਸਿੰਘ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਮੀਤ ਪ੍ਰਧਾਨ ਹਰੀਸ਼ ਨੱਢਾ ਨੇ ਪਿਛਲੇ ਦਿਨੀਂ ਗੜੇਮਾਰ ਅਤੇ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਸਰਕਾਰ ਤੋਂ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਇਆ ਕਰੇਗਾ, ਗਿਰਦਾਵਰੀ ਬਾਅਦ ਵਿੱਚ ਕੀਤੀ ਜਾਵੇਗੀ। ਪਰ ਪਿਛਲੇ ਅਮਲ ਤੋਂ ਸਾਹਮਣੇ ਆਇਆ ਹੈ ਕਿ ਮੁਆਵਜ਼ੇ ਦਾ ਐਲਾਨ ਅਤੇ ਗਿਰਦਾਵਰੀ ਦੀ ਖ਼ਾਨਾ ਪੂਰਤੀ ਕਰਨ ਉਪਰੰਤ ਵੀ ਕਿਸੇ ਨੂੰ ਦੁਆਨੀ ਨਹੀਂ ਦਿੱਤੀ ਜਾਂਦੀ। ਲੰਪੀ ਸਕਿਨ ਕਾਰਨ ਮਰੇ ਪਸ਼ੂਆਂ ਦਾ ਮੁਆਵਜ਼ਾ, ਮੀਂਹ ਦੇ ਪਾਣੀ ਨਾਲ ਡੁੱਬੀਆਂ ਫਸਲਾਂ, ਚਾਈਨਾ ਵਾਇਰਸ ਕਾਰਨ ਹੋਏ ਨੁਕਸਾਨ ਅਤੇ ਸੂਰਜਮੁਖੀ ਦੇ ਮਾੜੇ ਬੀਜ ਕਾਰਨ ਹੋਏ ਨੁਕਸਾਨ ਦਾ ਕੋਈ ਵੀ ਮੁਆਵਜ਼ਾ, ਐਲਾਨ ਕਰਨ ਦੇ ਬਾਵਜੂਦ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ। ਜਥੇਬੰਦੀ ਮੰਗ ਕਰਦੀ ਹੈ ਕਿ ਸਾਰੀਆਂ ਫਸਲਾਂ ਦਾ ਜਿੰਨਾ ਨੁਕਸਾਨ ਹੋਇਆ ਹੈ, ਉਸ ਦਾ ਅਸਲ ਆਧਾਰ ਤੇ ਜਿੰਨਾ ਨੁਕਸਾਨ ਹੋਇਆ ਹੈ, ਪੂਰਾ ਮੁਆਵਜ਼ਾ ਦਿੱਤਾ ਜਾਵੇ। ਪਹਿਲਾਂ ਹੀ ਫਸਲਾਂ ਦੇ ਭਾਅ ਪੂਰੇ ਨਾਂ ਮਿਲਣ ਕਾਰਨ ਕਿਸਾਨ ਕਰਜ਼ੇ ਵਿੱਚ ਡੁੱਬੇ ਹੋਏ ਹਨ, ਅਜਿਹੇ ਹਾਲਾਤ ਵਿੱਚ ਜੇ ਕਰ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਾਂ ਫੜੀ ਤਾਂ ਸਾਡੇ ਕੋਲ ਸੰਘਰਸ਼ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚੇਗਾ। ਇਸ ਲਈ ਫਸਲਾਂ ਦਾ 100% ਮੁਆਵਜ਼ਾ ਏਕੜ ਨੂੰ ਇਕਾਈ ਮੰਨ ਕੇ ਦਿੱਤਾ ਜਾਵੇ ਅਤੇ ਕਿਸਾਨਾਂ ਸਿਰ ਚੜ੍ਹੇ ਹਰ ਤਰ੍ਹਾਂ ਦੇ ਕਰਜ਼ੇ ਮਨਸੂਖ ਕੀਤੇ ਜਾਣ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸਰਕਾਰ ਕਿਸਾਨਾਂ ਦੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ 01 ਅਪਰੈਲ ਨੂੰ ਆਪਣੀ ਸੂਬਾਈ ਮੀਟਿੰਗ ਵਿੱਚ ਸੰਘਰਸ਼ ਦੀ ਵਿਉਂਤਬੰਦੀ ਕਰੇਗੀ।