ਮੋਹਾਲੀ, 09 ਮਾਰਚ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 24 ਫ਼ਰਵਰੀ ਨੂੰ ਬਾਰ੍ਹਵੀਂ ਸ਼੍ਰੇਣੀ ਦੀ ਮੁਲਤਵੀ ਕੀਤੀ ਪਰੀਖਿਆ ਲੈਣ ਲਈ ਨਵੀਂ ਮਿਤੀ ਨਿਰਧਾਰਤ ਕਰਨ ਦੇ ਨਾਲ-ਨਾਲ ਬਾਰ੍ਹਵੀਂ ਸ਼੍ਰੇਣੀ ਦੀ ਡੇਟਸ਼ੀਟ ਵਿੱਚ ਵੀ ਅੰਸ਼ਿਕ ਸੋਧ ਕੀਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈਸ ਨੂੰ ਜਾਰੀ ਕੀਤੀ ਜਾਣਕਾਰੀ ਅਨੁਸਾਰ ਪ੍ਰਸ਼ਾਸਨਿਕ ਕਾਰਨਾਂ ਕਰਕੇ 24 ਫ਼ਰਵਰੀ ਨੂੰ ਬਾਰ੍ਹਵੀਂ ਜਮਾਤ ਦੀ ਲਾਜ਼ਮੀ ਅੰਗਰੇਜ਼ੀ ਵਿਸ਼ੇ ਦੀ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰਨੀ ਪਈ ਸੀ। ਹੁਣ ਨਵੀਆਂ ਤੈਅ ਮਿਤੀਆਂ ਅਨੁਸਾਰ 24 ਫ਼ਰਵਰੀ 2023 ਨੂੰ ਮੁਲਤਵੀ ਕੀਤੀ ਗਈ ਇਹ ਲਾਜ਼ਮੀ ਅੰਗਰੇਜ਼ੀ ਵਿਸ਼ੇ (001) ਦੀ ਪਰੀਖਿਆ 24 ਮਾਰਚ 2023 ਨੂੰ ਪਹਿਲਾਂ ਨਿਰਧਾਰਤ ਸਮੇਂ ਅਤੇ ਪਰੀਖਿਆ ਕੇਂਦਰਾਂ ਤੇ ਕਰਵਾਈ ਜਾਵੇਗੀ।ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀ ਡੇਟਸ਼ੀਟ ਵਿੱਚ ਕੀਤੀ ਸੋਧ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲਾਜ਼ਮੀ ਅੰਗਰੇਜ਼ੀ ਵਿਸ਼ੇ ਦੀ ਪਰੀਖਿਆ ਪਹਿਲਾਂ ਕਰਵਾਏ ਜਾਣ ਦੀ ਮੰਗ ਦੇ ਮੱਦੇਨਜ਼ਰ 24 ਮਾਰਚ 2023 ਨੂੰ ਕਰਵਾਈ ਜਾਣ ਵਾਲੀ ਬਾਰ੍ਹਵੀਂ ਸ਼੍ਰੇਣੀ ਦੀ ਗੁਰਮਤਿ ਸੰਗੀਤ (039) ਵਿਸ਼ੇ ਦੀ ਪਰੀਖਿਆ ਹੁਣ ਪਹਿਲਾਂ ਨਿਰਧਾਰਤ ਮਿਤੀ ਦੀ ਥਾਂ 24 ਅਪਰੈਲ 2023 ਨੂੰ ਪਹਿਲਾਂ ਨਿਰਧਾਰਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ਤੇ ਹੀ ਕਰਵਾਈ ਜਾਵੇਗੀ। ਉਪ ਸਕੱਤਰ ਬਾਰ੍ਹਵੀਂ ਸ਼੍ਰੀ ਮਨਮੀਤ ਭੱਠਲ ਵੱਲੋਂ ਸਕੂਲ ਮੁਖੀਆਂ, ਕੇਂਦਰ ਸੁਪਰਡੰਟਾਂ ਅਤੇ ਹੋਰ ਸਬੰਧਤ ਅਮਲੇ ਨੂੰ ਹਦਾਇਤ ਵੀ ਕੀਤੀ ਗਈ ਹੈ ਕਿ ਉਹ ਉਪਰੋਕਤ ਅਨੁਸਾਰ ਬਦਲਵਾਂ ਪ੍ਰਬੰਧ ਕਰਨ ਅਤੇ ਸਬੰਧਤ ਪਰੀਖਿਆਰਥੀਆਂ ਨੂੰ ਇਸ ਸਬੰਧੀ ਸੂਚਿਤ ਕਰਨਾ ਵੀ ਯਕੀਨੀ ਬਣਾਉਣ। ਇਸ ਸਬੰਧੀ ਮੁਕੰਮਲ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਤੇ ਉਪਲਬਧ ਕਰਵਾ ਦਿੱਤੀ ਗਈ ਹੈ। ਹੋਰ ਜਾਣਕਾਰੀ ਲਈ ਦਫ਼ਤਰੀ ਫ਼ੋਨ ਨੰ: 0172-5227333 ਤੇ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।