
ਸ੍ਰੀ ਫਤਿਹਗੜ੍ਹ ਸਾਹਿਬ, 21 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜਿਲੇ ਅੰਦਰ "ਨੈਸ਼ਨਲ ਬੁੱਕ ਪ੍ਰੋਗਰਾਮ ਫਾਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਨਾਨ ਕਮਿਊਨੀਕੇਬਲ ਡਿਜੀਜ਼" ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਦਿਲ ਦੇ ਰੋਗਾਂ, ਸ਼ੂਗਰ , ਸਟਰੋਕ, ਬਲੱਡ ਪ੍ਰੈਸ਼ਰ ਅਤੇ ਕੈਂਸਰ ਆਦਿ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ । ਜਿਲਾ ਹਸਪਤਾਲ ਵਿਖੇ ਇਹਨਾਂ ਸਹੂਲਤਾਂ ਦਾ ਲਾਭ ਦੇਣ ਲਈ ਐਨਸੀਡੀ ਕਲੀਨਿਕ ਦਾ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਵੱਲੋਂ ਉਦਘਾਟਨ ਕੀਤਾ ਗਿਆ , ਕਲੀਨਿਕ ਦਾ ਉਦਘਾਟਨ ਕਰਨ ਮੌਕੇ ਉਹਨਾਂ ਕਿਹਾ ਕਿ ਇਸ ਕਲੀਨਿਕ ਦਾ 30 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਨੂੰ ਗੈਰ ਸੰਚਾਰੀ ਬਿਮਾਰੀਆਂ ਤੋਂ ਬਚਾਉਣ ਲਈ ਵੱਡਾ ਫਾਇਦਾ ਹੋਵੇਗਾ ਅਤੇ ਉਨਾਂ ਦੇ ਇਲਾਜ ਦਾ ਰਿਕਾਰਡ ਵੀ ਰੱਖਿਆ ਜਾਵੇਗਾ। ਜਿਲਾ ਪਰਿਵਾਰ ਭਲਾਈ ਅਫਸਰ ਡਾ ਦਲਜੀਤ ਕੌਰ ਨੇ ਮੌਕੇ ਤੇ ਹਾਜਰ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨੂੰ ਕਿਹਾ ਕਿ ਚੈੱਕ ਅਪ ਦੌਰਾਨ ਗੈਰ ਸੰਚਾਰੀ ਬਿਮਾਰੀਆਂ ਤੋਂ ਪੀੜਿਤ ਪਾਏ ਜਾਣ ਵਾਲੇ ਸਾਰੇ ਵਿਅਕਤੀਆਂ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਜਾਵੇ ਅਤੇ ਉਨਾਂ ਦਾ ਕਾਰਡ ਬਣਾ ਕੇ ਪੋਰਟਲ ਤੇ ਵੀ ਅਪਲੋਡ ਕੀਤਾ ਜਾਵੇ। ਜ਼ਿਲਾ ਹਸਪਤਾਲ ਦੇ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਡਾ ਕੰਵਲਦੀਪ ਸਿੰਘ ਨੇ ਕਿਹਾ ਕਿ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਵਰਤੋਂ ਵਿੱਚ ਆਉਣ ਵਾਲੀਆਂ ਦਵਾਈਆਂ ਵਿੱਚ ਕੋਈ ਕਮੀ ਨਹੀਂ ਹੈ। ਸਾਰੀਆਂ ਦਵਾਈਆਂ ਹਸਪਤਾਲ ਵਿੱਚ ਉਪਲਬਧ ਹਨ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਇਹਨਾਂ ਮੁਫਤ ਸਿਹਤ ਸਹੂਲਤਾਂ ਦਾ ਲੋੜ ਪੈਣ ਤੇ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਇਸ ਮੌਕੇ ਤੇ ਮੈਡੀਸਨ ਦੇ ਮਾਹਿਰ ਡਾਕਟਰ ਸਿਖਾ , ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਪ੍ਰੋਗਰਾਮ ਦੇ ਕੁਆਰਡੀਨੇਟਰ ਮੈਡਮ ਜਿਯੋਤੀ ਗੁਲੀਆ , ਸਵੈ ਸੇਵੀ ਸੰਸਥਾ ਜਾਗੋ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੋਹੀ, ਦੀਪਕ ਬਾਤਿਸ਼ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ /ਕਰਮਚਾਰੀ ਹਾਜ਼ਰ ਸਨ।