
ਸ੍ਰੀ ਫ਼ਤਹਿਗੜ੍ਹ ਸਾਹਿਬ, 24 ਫਰਵਰੀ 2025 (ਹਰਪ੍ਰੀਤ ਸਿੰਘ ਗੁੱਜਰਵਾਲ) : ਸਿਵਲ ਸਰਜਨ ਸ੍ਰੀ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਵੱਲੋ ਜ਼ਿਲਾ ਹਸਪਤਾਲ ਦੀ ਸਵੇਰੇ 9 ਵਜੇ ਅਚਨਚੇਤ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ ਉਹਨਾਂ ਡਿਊਟੀ ਤੇ ਤਾਇਨਾਤ ਸਟਾਫ ਦੀ ਹਾਜਰੀ ਚੈੱਕ ਕੀਤੀ , ਸਾਰਾ ਸਟਾਫ ਡਿਊਟੀ ਤੇ ਹਾਜ਼ਰ ਪਾਇਆ ਗਿਆ। ਇਸ ਚੈਕਿੰਗ ਦੌਰਾਨ ਉਹਨਾਂ ਡਿਊਟੀ ਤੇ ਹਾਜ਼ਰ ਸੀਨੀਅਰ ਮੈਡੀਕਲ ਅਫਸਰ ਡਾਕਟਰ ਕੰਵਲਦੀਪ ਸਿੰਘ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮੂਹ ਸਟਾਫ ਦਾ ਸਮੇਂ ਸਿਰ ਡਿਊਟੀ ਤੇ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸਬੰਧੀ ਜਾਗਰੂਕ ਕੀਤਾ ਜਾਵੇ ਅਤੇ ਸਾਰੀਆਂ ਸਿਹਤ ਸਹੂਲਤਾਂ ਮੁਫਤ ਪ੍ਰਦਾਨ ਕੀਤੀਆਂ ਜਾਣ। ਉਹਨਾਂ ਇਹ ਵੀ ਕਿਹਾ ਕਿ ਹਸਪਤਾਲ ਦੇ ਸਾਰੇ ਉਪਕਰਨ ਚਾਲੂ ਹਾਲਤ ਵਿੱਚ ਰੱਖਣੇ ਯਕੀਨੀ ਬਣਾਏ ਜਾਣ ਅਤੇ 24 ਘੰਟੇ ਬਿਜਲੀ ਦੀ ਸਪਲਾਈ ਦਾ ਬੈਕਅਪ ਹੋਣਾ ਵੀ ਯਕੀਨੀ ਬਣਾਇਆ ਜਾਵੇ ਅਤੇ ਇਸ ਸਬੰਧੀ ਐਮਰਜੈਂਸੀ, ਜੱਚਾ ਬੱਚਾ ਵਾਰਡ, ਆਪਰੇਸ਼ਨ ਥੀਏਟਰ, ਐਕਸਰੇ ,ਲੈਬਾਰਟਰੀ ਅਲਟਰਾਸਾਊਂਡ ਆਦਿ ਸੁਵਿਧਾਵਾਂ ਸਬੰਧੀ ਵਿਸ਼ੇਸ਼ ਤਵੱਜੋ ਦਿੱਤੀ ਜਾਵੇ। ਡਾ ਦਵਿੰਦਰਜੀਤ ਕੌਰ ਨੇ ਅੱਗੇ ਕਿਹਾ ਕਿ ਸਰਕਾਰ ਦੀਆਂ ਸਖਤ ਹਦਾਇਤਾਂ ਅਨੁਸਾਰ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਅਤੇ ਸਾਰੇ ਲੈਬਾਰਟਰੀ ਟੈਸਟ ਹਸਪਤਾਲ ਦੇ ਵਿੱਚੋਂ ਹੀ ਉਪਲਬਧ ਕਰਵਾਏ ਜਾਣ ਉਹਨਾਂ ਮੈਡੀਕਲ ਅਫਸਰਾਂ ਨੂੰ ਵੀ ਹਦਾਇਤ ਕੀਤੀ ਕਿ ਲੋੜੀਂਦੀਆਂ ਸਾਰੀਆਂ ਦਵਾਈਆਂ ਹਸਪਤਾਲ ਵਿੱਚ ਉਪਲਬਧ ਹਨ ਇਸ ਲਈ ਉਹ ਮਰੀਜ਼ਾਂ ਨੂੰ ਕੋਈ ਵੀ ਦਵਾਈ ਬਾਹਰੋਂ ਨਾ ਲਿਖਣ। ਉਹਨਾਂ ਕਿਹਾ ਕਿ ਹਸਪਤਾਲ ਦੇ ਨਿਰਧਾਰਤ ਟੀਚੇ 31 ਮਾਰਚ ਤੋਂ ਪਹਿਲਾਂ ਪਹਿਲਾਂ ਪੂਰੇ ਕੀਤੇ ਜਾਣੇ ਯਕੀਨੀ ਬਣਾਏ ਜਾਣ ਅਤੇ ਹਸਪਤਾਲ ਦੀ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।