ਚਾਈਨਾ ਡੋਰ ਪੰਛੀਆਂ ਅਤੇ ਇਨਸਾਨਾਂ ਲਈ ਖਤਰਨਾਕ ਹੈ, ਇਸ ਦੀ ਵਰਤੋਂ ਨਾ ਕਰੋ : ਐਸਐਚਓ ਕਰਮਜੀਤ ਸਿੰਘ

  • ਥਾਣਾ ਸਿਟੀ ਪੁਲਿਸ ਨੇ ਚਾਈਨਾ ਡੋਰ ਨੂੰ ਲੈ ਕੇ ਸ਼ਹਿਰ ਵਿੱਚ ਚਲਾਈ ਤਲਾਸੀ ਮੁਹਿੰਮ

ਰਾਏਕੋਟ, 22 ਜਨਵਰੀ (ਰਘਵੀਰ ਸਿੰਘ ਜੱਗਾ) : ਚਾਈਨਾ ਡੋਰ ਨੂੰ ਲੈ ਕੇ ਪੰਜਾਬ ਪੁਲਿਸ ਲਗਾਤਾਰ ਪੱਬਾਂ ਭਾਰ ਹੈ, ਚਾਈਨਾ ਡੋਰ ਦੀ ਰੋਕਥਾਮ ਲਈ ਥਾਂ ਥਾਂ ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਅੱਜ ਥਾਣਾ ਸਿਟੀ ਪੁਲਿਸ ਵੱਲੋਂ ਐਸਐਚਓ ਕਰਮਜੀਤ ਸਿੰਘ ਦੀ ਅਗਵਾਈ ਹੇਠ ਰਾਏਕੋਟ ਦੇ ਵੱਖ ਵੱਖ ਬਜ਼ਾਰਾਂ ਵਿੱਚ ਚਾਈਨਾ ਡੋਰ ਸਬੰਧੀ ਦੁਕਾਨਾਂ ਦੀ ਤਲਾਸੀ ਲਈ ਗਈ ਹੈ। ਇਸ ਮੌਕੇ ਐਸਐਚਓ ਕਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਈਨਾ ਡੋਰ ਨਾ ਵਾਪਰ ਰਹੀਆਂ ਘਟਨਾਵਾਂ ਕਾਰਨ ਸਰਕਾਰ ਵੱਲੋਂ ਚਾਈਨਾ ਡੋਰ ਤੇ ਪਾਬੰਦੀ ਲਗਾਈ ਗਈ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਚਾਈਨਾ ਡੋਰ ਨੂੰ ਵਿਕਣ ਤੋਂ ਰੋਕਣ ਲਈ ਅੱਜ ਤਲਾਸੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵੀ ਦੁਕਾਨ ਤੋਂ ਚਾਈਨਾ ਡੋਰ ਨਹੀਂ ਮਿਲੀ।ਐਸਐਚਓ ਕਰਮਜੀਤ ਸਿੰਘ ਨੇ ਦੁਕਾਨਦਾਰਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਪੰਛੀਆਂ, ਜਾਨਵਰਾਂ ਅਤੇ ਇਨਸਾਨਾਂ ਲਈ ਬਹੁਤ ਖਤਰਨਾਕ ਹੈ। ਇਸ ਪਾਬੰਦੀਸ਼ੁਦਾ ਡੋਰ ਕਾਰਨ ਵਾਪਰੇ ਹਾਦਸਿਆਂ ‘ਚ ਅਨੇਕਾਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਤੇ ਕਈ ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਚੁੱਕੇ ਹਨ।ਇਸ ਲਈ ਇਸ ਦੀ ਵਰਤੋਂ ਨਾ ਕਰੋ, ਜੇਕਰ ਬੱਚੇ ਪਤੰਗਬਾਜੀ ਕਰਨ ਸਮੇਂ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ ਤਾਂ ਪਰਿਵਾਰ ਵਾਲੇ ਉਨ੍ਹਾਂ ਨੂੰ ਚਾਈਨਾ ਡੋਰ ਵਰਤਣ ਤੋਂ ਵਰਜਣ। ਉਨ੍ਹਾਂ ਕਿਹਾ ਕਿ ਅਗਰ ਕੋਈ ਦੁਕਨਾਦਾਰ ਚਾਈਨਾ ਡੋਰ ਵੇਚਦਾ ਹੈ ਤਾਂ ਉਸ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਮੁਨਸੀ ਸੁਖਜਿੰਦਰ ਸਿੰਘ, ਸਤਨਾਮ ਸਿੰਘ, ਕਰਮਜੀਤ ਸਿੰਘ, ਇਕਬਾਲ ਸਿੰਘ, ਬਰਿੰਦਰਪਾਲ ਸਿੰਘ, ਰਮਨਪ੍ਰੀਤ ਕੌਰ ਆਦਿ ਮੁਲਾਜ਼ਮ ਹਾਜ਼ਰ ਸਨ।