ਰਾਏਕੋਟ, 04 ਅਗਸਤ (ਚਮਕੌਰ ਸਿੰਘ ਦਿਓਲ) : ਇਥੇ ਇਕ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇਕ ਲੜਕੀ ਵਿਆਹ ਕਰਵਾ ਕੇ ਆਪਣੇ ਸਹੁਰੇ ਪਰਿਵਾਰ ਦਾ ਤਕਰੀਬਨ 32 ਲੱਖ ਰਪਏ ਖਰਚਾ ਕਰਵਾ ਕੇ ਵਿਦੇਸ਼ ਗਈ ਸੀ ਤੇ ਬਾਹਰ ਜਾ ਕੇ ਉਹ ਲੜਕੇ ਨੂੰ ਵਿਦੇਸ਼ ਸੱਦਣ ਤੋਂ ਇਨਕਾਰੀ ਹੋ ਗਈ ਤਾਂ ਮਾਮਲਾ ਪੁਲਿਸ ਪਾਸ ਪੁੱਜ ਗਿਆ। ਪੀੜਤ ਪਰਿਵਾਰ ਵਲੋਂ ਜ਼ਿਲ੍ਹਾ ਮੁਖੀ ਪੁਲਿਸ ਦਿਹਾਤੀ ਲੁਧਿਆਣਾ ਨੂੰ ਦਿੱਤੀ ਦਰਖ਼ਸਾਤ ਦੀ ਜਾਂਚ ਤੋਂ ਬਾਅਦ ਥਾਣਾ ਸਿਟੀ ਰਾਏਕੋਟ ’ਚ ਲੜਕੀ ਤੇ ਉਸ ਦੇ ਪਿਤਾ ’ਤੇ ਮਾਮਲਾ ਦਰਜ ਹੋ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਸਿਟੀ ਦਵਿੰਦਰ ਸਿੰਘ ਨੇ ਦੱਸਿਆ ਕਿ ਦਰਖਾਸਤ ਨੰਬਰ 651 ਪੀਸੀ ਰਾਹੀਂ ਚਮਕੌਰ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਪ੍ਰੇਮ ਨਗਰ ਰਾਏਕੋਟ ਨੇ ਆਪਣੇ ਲੜਕੇ ਇੰਦਰਪ੍ਰੀਤ ਸਿੰਘ ਦਾ ਵਿਆਹ ਨਵਦੀਪ ਕੌਰ ਪੁੱਤਰੀ ਕੇਵਲ ਸਿੰਘ ਨਾਲ ਕੀਤਾ ਸੀ ਤੇ ਆਪਸੀ ਸਹਿਮਤੀ ਹੋਈ ਸੀ ਕਿ ਨਵਦੀਪ ਕੌਰ ਪੜ੍ਹਾਈ ਲਈ ਵਿਦੇਸ਼ ਜਾਏਗੀ ਤੇ ਲੜਕੇ ਨੂੰ ਵੀ ਵਿਦੇਸ਼ ਸੱਦੇਗੀ। ਨਵਦੀਪ ਕੌਰ ਦਾ ਸਾਰਾ ਖਰਚਾ ਸਹੁਰੇ ਪਰਿਵਾਰ ਵਲੋਂ ਕੀਤਾ ਜਾਵੇਗਾ। ਨਵਦੀਪ ਕੌਰ ਨੂੰ ਵਿਦੇਸ਼ ਭੇਜਣ ਸਬੰਧੀ ਲੜਕੇ ਦੇ ਪਿਤਾ ਚਮਕੌਰ ਸਿੰਘ ਵਲੋਂ ਵੱਖ-ਵੱਖ ਸਮੇਂ ’ਤੇ 32 ਲੱਖ ਰੁਪਏ ਦੇ ਕਰੀਬ ਖਰਚਾ ਕੀਤਾ ਗਿਆ। ਲੜਕੀ ਵਿਦੇਸ਼ ਪੁੱਜ ਕੇ ਸਹੁਰੇ ਪਰਿਵਾਰ ਦਾ ਖਰਚਾ ਤਾਂ ਕਰਵਾਉਂਦੀ ਰਹੀ ਪ੍ਰੰਤੂ ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਆਪਣੀ ਪੜ੍ਹਾਈ ਸਬੰਧੀ ਕੁੱਝ ਨਾ ਦੱਸਿਆ। ਲੜਕੇ ਦੇ ਪਿਤਾ ਨੇ ਦੋਸ਼ ਲਗਾਇਆ ਹੈ ਨਵਦੀਪ ਕੌਰ ਉਹਨਾਂ ਪਾਸੋਂ ਫੀਸਾਂ ਤੇ ਖਰਚਾ ਮੰਗਵਾਉਂਦੀ ਰਹੀ ਪ੍ਰੰਤੂ ਉਸ ਨੇ ਪੜ੍ਹਾਈ ਨਹੀਂ ਕੀਤੀ। ਜਿਸ ਕਾਰਨ ਉਹਨਾਂ ਦਾ ਲੜਕਾ ਵਿਦੇਸ਼ ਨਹੀਂ ਜਾ ਸਕਿਆ ਤੇ ਉਸ ਨੇੇ ਆਪਣੇ ਪਤੀ ਇੰਦਰਪ੍ਰੀਤ ਸਿੰਘ ਨਾਲ ਗੱਲ ਕਰਨੀ ਵੀ ਛੱਡ ਦਿੱਤੀ। ਇਸ ਤੋਂ ਬਾਅਦ ਦੋਹਾਂ ਪਰਿਵਾਰਾਂ ’ਚ ਸਹਿਮਤੀ ਬਣੀ ਕਿ ਲੜਕੀ ਤਲਾਕ ਲੈ ਕੇ ਆਪਣੇ ’ਤੇ ਖਰਚ ਹੋਏ ਪੈਸੇ ਲੜਕੇ ਪਰਿਵਾਰ ਨੂੰ ਵਾਪਸ ਕਰ ਦੇਵੇਗੀ। ਇਸ ਉਪਰੰਤ ਲੜਕੀ ਦੇ ਪਰਿਵਾਰ ਵਲੋਂ ਲੜਕੇ ਦੇ ਪਿਤਾ ਨੂੰ 20 ਲੱਖ ਪੰਜਾਹ ਹਜਾਰ ਰੁਪਏ ਦੇ ਚੈੱਕ ਦਿੱਤੇ ਗਏ ਤੇ ਕਿਹਾ ਗਿਆ ਕਿ ਬਾਕੀ ਪੈਸੇ ਉਹ ਬਾਅਦ ਵਿੱਚ ਦੇ ਦੇਣਗੇ। ਪ੍ਰੰਤੂ ਲੜਕੀ ਦੇ ਪਰਿਵਾਰ ਵਲੋਂ ਦਿੱਤੇ ਗਏ ਚੈੱਕ ਪਾਸ ਨਾ ਹੋਏ ਤੇ ਬਾਅਦ ਵਿੱਚ ਲੜਕੀ ਵਾਲੇ ਪੈਸੇ ਦੇਣ ਤੋਂ ਵੀ ਇਨਕਾਰੀ ਹੋ ਗਏ। ਜਿਸ ਕਾਰਨ ਲੜਕੇ ਦੇ ਪਿਤਾ ਚਮਕੌਰ ਸਿੰਘ ਵਲੋਂ ਪੁਲਿਸ ਪਾਸ ਲੜਕੀ ਨਵਦੀਪ ਕੌਰ ਤੇ ਉਸ ਦੇ ਪਰਿਵਾਰ ਵਿਰੁੱਧ ਸ਼ਿਕਾਇਤ ਕੀਤੀ ਗਈ। ਜਾਂਚ ਉਪਰੰਤ ਥਾਣਾ ਸਿਟੀ ਰਾਏਕੋਟ ਵਿਖੇ ਲੜਕੀ ਨਵਦੀਪ ਕੌਰ ਤੇ ਉਸ ਦੇ ਪਿਤਾ ਕੇਵਲ ਸਿੰਘ ਵਿਰੁੱਧ ਆਈਪੀਸੀ ਦੀ ਧਾਰਾ 420 ਤੇ 120ਬੀ ਅਧੀਨ ਪਰਚਾ ਦਰਜੀ ਕੀਤਾ ਗਿਆ ਹੈ ਤੇ ਪੁਲਿਸ ਅਨੁਸਾਰ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।