
ਮੋਗਾ, 15 ਫਰਵਰੀ 2025 : ਮੋਗਾ ‘ਚ ਬੀਤੀ ਦੇਰ ਸ਼ਾਮ ਇੱਕ ਕਾਰ ਅਤੇ ਐਕਵਿਟਾ ਵਿਚਕਾਰ ਹੋਈ ਭਿਆਨਕ ਟੱਕਰ ‘ਚ ਪਤੀ-ਪਤਨੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮ੍ਰਿਤਕਾਂ ਦੀ ਪਛਾਣ ਬਲਕਾਰ ਸਿੰਘ ਤੇ ਲਵਪ੍ਰੀਤ ਕੌਰ ਵਾਸੀ ਨਿਧਾਵਾਲਾ ਵਜੋਂ ਹੋਈ ਹੈ। ਇਸ ਸਬੰਧੀ ਐਸਐਚਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਦੋਵੇਂ ਪਤੀ ਪਤਨੀ ਇੱਕ ਵਿਆਹ ਦੇ ਸਮਾਗਮ ਨੂੰ ਲੈ ਕੇ ਖ੍ਰੀਦਦਾਰੀ ਕਰਨ ਉਪਰੰਤ ਪਿੰਡ ਵਾਪਸ ਜਾ ਰਹੇ ਸਨ ਕਿ ਉਨ੍ਹਾਂ ਨੂੰ ਦੀ ਐਕਵਿਟਾ ਨੂੰ ਡਰੋਲੀ ਦੇ ਨਜ਼ਦੀਕ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਇਸ ਦੀ ਜਾਣਕਾਰੀ ਜਦੋਂ ਰਿਸ਼ਤੇਦਾਰਾਂ ਨੂੰ ਮਿਲੀ ਤਾਂ ਉਨ੍ਹਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਸ ਦੌਰਾਨ ਲਵਪ੍ਰੀਤ ਕੌਰ ਦੀ ਮੌਤ ਹੋ ਗਈ ਤੇ ਬਲਕਾਰ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਡੀਐੱਮਸੀ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ, ਜਿਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਗਰਭਵਤੀ ਸੀ ਤੇ ਮ੍ਰਿਤਕ ਬਲਕਾਰ ਸਿੰਘ ਸੈਲੋਂ ਪਲਾਂਟ ਮੋਗਾ ਵਿਖੇ ਨੌਕਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।