- ਪੰਚਾਇਤੀ ਚੋਣਾਂ ਕਰਕੇ ਮੀਟਿੰਗਾਂ ਜਾਰੀ
ਮੁੱਲਾਂਪੁਰ ਦਾਖਾ,21 ਜੂਨ (ਸਤਵਿੰਦਰ ਸਿੰਘ ਗਿੱਲ) : ਜਿਥੇ ਵਿਧਾਨ ਸਭਾ ਹਲਕਾ ਜਗਰਾਓ ਚ ਐਨ ਆਰ ਆਈਜ਼ ਦੀ ਕੋਠੀ ਦੇ ਮਸਲੇ ਤੇ ਸਿਆਸਤ ਪੂਰੀ ਤਰਾਂ ਗਰਮਾਈ ਹੋਈ ਹੈ ਉੱਥੇ ਹੀ ਕਾਂਗਰਸ ਦੇ ਜਰਨਲ ਸਕੱਤਰ ਅਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਵੱਲੋਂ ਹਲਕੇ ਦਾਖੇ ਦੇ ਪਿੰਡ-ਪਿੰਡ ਜਾ ਕੇ ਕਾਂਗਰਸੀ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਕਾਰਨ ਕਾਂਗਰਸ ਪਾਰਟੀ ਦੇ ਹੱਕ ਵਿੱਚ ਲਹਿਰ ਬਣਦੀ ਜਾ ਰਹੀ ਹੈ ਅਤੇ ਪਿਛਲੀ ਸਰਕਾਰ ਸਮੇਂ ਕੈਪਟਨ ਸੰਧੂ ਵਲੋ ਕਰਵਾਏ ਵਿਕਾਸ ਕਾਰਜਾਂ ਕਰਕੇ ਲੋਕ ਸੰਧੂ ਨੂੰ ਆਪੋ ਆਪਣੇ ਪਿੰਡ ਸੱਦ ਕੇ ਹੀ ਜਿੱਥੇ ਉਹਨਾ ਨੂੰ ਇਸ ਸਬੰਧੀ ਜਾਣਕਾਰੀ ਦੇ ਰਹੇ ਹਨ ਉਥੇ ਆਉਣ ਵਾਲੀਆਂ ਗ੍ਰਾਮ ਪੰਚਾਇਤ ਦੀਆਂ ਚੋਣਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ।ਇਨ੍ਹਾਂ ਮੀਟਿੰਗਾਂ ਦੌਰਾਨ ਕਾਂਗਰਸੀ ਵਰਕਰਾਂ ਦੀ ਭਰਵੀਂ ਇਕੱਤਰਤਾ ਦੇਖਣ ਨੂੰ ਮਿਲ ਰਹੀ ਹੈ।ਜਿਸ ਤੋਂ ਸਿੱਧ ਹੁੰਦਾ ਹੈ ਕਿ ਸੱਤਾ ਬਦਲ ਜਾਣ ਤੋਂ ਬਾਅਦ ਵੀ ਕੈਪਟਨ ਸੰਦੀਪ ਸੰਧੂ ਦੀ ਹਲਕਾ ਦਾਖਾ ਦੇ ਕਾਂਗਰਸ ਕੇਡਰ 'ਤੇ ਪਕੜ ਜਿਉਂ ਦੀ ਤਿਉਂ ਕਾਇਮ ਹੈ।ਖਾਸ ਗੱਲ ਇਹ ਹੈ ਕਿ ਕੈਪਟਨ ਸੰਧੂ ਦੇ ਸਿਆਸੀ ਵਿਰੋਧੀ ਵੀ ਇਨ੍ਹਾਂ ਸਰਗਰਮੀਆਂ ਉੱਤੇ ਬਾਜ ਅੱਖ ਰੱਖ ਰਹੇ ਹਨ। ਜਿਕਰਯੋਗ ਹੈ ਕਿ ਬੀਤੇ ਮਹੀਨੇ ਕੈਪਟਨ ਸੰਧੂ ਦੇ ਨਵੇਂ ਖੋਲ੍ਹੇ ਦਫ਼ਤਰ ਮੌਕੇ ਹਲਕਾ ਦਾਖਾ ਤੋਂ ਸੀਨੀਅਰ ਕਾਂਗਰਸ ਲੀਡਰ ਮੇਜਰ ਸਿੰਘ ਭੈਣੀ,ਸਾਬਕਾ ਜ਼ਿਲ੍ਹਾ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗਾਲਿਬ,ਚੇਅਰਮੈਨ ਕਾਕਾ ਗਰੇਵਾਲ ਸਮੇਤ ਕਾਂਗਰਸ ਦੇ ਹੋਰ ਦਿੱਗਜ਼ ਲੀਡਰਾਂ ਨੇ ਇੱਕਜੁਟਤਾ ਦਾ ਪ੍ਰਗਟਾਵਾ ਕਰਦੇ ਹੋਏ ਕਾਂਗਰਸੀ ਵਰਕਰਾਂ ਨੂੰ ਤਕੜੇ ਰਹਿਣ ਦਾ ਸੁਨੇਹਾ ਦਿੱਤਾ ਸੀ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਖੁਦ ਕੈਪਟਨ ਸੰਦੀਪ ਸੰਧੂ ਕਾਂਗਰਸ ਦੇ ਬੂਥ ਤੋਂ ਲੈ ਕੇ ਪਿੰਡ ਪੱਧਰ,ਬਲਾਕ ਪੱਧਰ ਅਤੇ ਹਲਕਾ ਪੱਧਰ ਦੇ ਆਗੂਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਤੋਂ ਫੀਡਬੈੱਕ ਲੈ ਰਹੇ ਹਨ। ਭਰੋਸੇਯੋਗ ਸੂਤਰਾਂ ਦਾ ਮੰਨਣਾ ਹੈ ਕਿ ਕੈਪਟਨ ਸੰਧੂ ਵੱਲੋਂ ਤੇਜ਼ ਕੀਤੀਆਂ ਸਿਆਸੀ ਸਰਗਰਮੀਆਂ ਸਦਕਾ ਆਉਣ ਵਾਲੇ ਦਿਨਾਂ ਵਿੱਚ ਹਲਕੇ ਦੇ ਸਿਆਸੀ ਮਾਹੌਲ ਅੰਦਰ ਕਈ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਣਗੇ,ਉੱਥੇ ਹੀ ਪਹਿਲੀ ਵਾਰ ਕੈਪਟਨ ਸੰਧੂ ਦੀ ਕਮਾਂਡ ਵਿੱਚ ਦਾਖਾ ਦੇ ਕਾਂਗਰਸੀਆਂ ਵੱਲੋਂ ਲੜੀਆਂ ਜਾਣ ਵਾਲੀਆਂ ਪੰਚਾਇਤ ਚੋਣਾਂ ਦੌਰਾਨ ਮੁਕਾਬਲਾ ਰੌਚਕ ਹੋਣ ਦੇ ਅਸਾਰ ਬਣਦੇ ਜਾ ਰਹੇ ਹਨ। ਕੈਪਟਨ ਸੰਧੂ ਵਲੋ ਹਲਕੇ ਦਾਖੇ ਦੇ ਪਿੰਡਾਂ ਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਕਰਕੇ ਹਲਕੇ ਦਾਖੇ ਦੀ ਸਿਆਸਤ ਪੂਰੀ ਤਰਾਂ ਗਰਮਾਈ ਨਜਰ ਆ ਰਹੀ ਹੈ।ਇਸੇ ਲੜੀ ਤਹਿਤ ਕੱਲ ਕੈਪਟਨ ਸੰਧੂ ਹਲਕੇ ਦੇ ਪਿੰਡ ਤਲਵੰਡੀ ਕਲਾਂ ਪੁੱਜੇ ਸਨ ਜਿੱਥੇ ਉਹਨਾਂ ਨਾਲ ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ ਪੁੱਜੇ ਸਨ।ਇਸ ਮੌਕੇ ਪਿੰਡ ਤਲਵੰਡੀ ਕਲਾਂ ਵਾਸੀਆਂ ਨੇ ਉਹਨਾਂ ਦਾ ਭਰਪੂਰ ਸਵਾਗਤ ਕੀਤਾ।