- ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਪਿੰਡ ਫਰੋਰ ਵਿਖੇ ਲਗਾਇਆ ਜਾਗਰੂਕਤਾ ਕੈਂਪ
ਖਮਾਣੋਂ, 26 ਸਤੰਬਰ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਹਿਕਾਰਤਾ ਵਿਭਾਗ ਦੇ ਸਹਿਯੋਗ ਨਾਲ ਖਮਾਣੋਂ ਬਲਾਕ ਦੇ ਪਿੰਡ ਫਰੋਰ ਵਿਖੇ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਖੇਤੀਬਾੜੀ ਅਫਸਰ ਖਮਾਣੋਂ ਜਸਵਿੰਦਰ ਸਿੰਘ ਨੇ ਕਿਹਾ ਕਿ ਫਸਲ ਉਤਪਾਦਨ ਲਈ ਕੁੱਲ 17 ਤੱਤਾਂ ਦੀ ਲੋੜ ਹੁੰਦੀ ਹੈ ਪ੍ਰੰਤੂ ਇੱਕ ਸਰਵੇਖਣ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਲਗਾਉਣ ਨਾਲ ਇਹ ਤੱਤ ਨਸ਼ਟ ਹੋ ਜਾਂਦੇ ਹਨ ਜਾਂ ਫਿਰ ਧਰਤੀ ਵਿੱਚ ਲਘੂ ਤੱਤਾਂ ਦੀ ਘਾਟ ਵੀ ਵੇਖੀ ਜਾਂਦੀ ਹੈ। ਜਿਨ੍ਹਾਂ ਵਿੱਚ ਝੋਨੇ ਵਿੰਚ ਜਿੰਕ ਦੀ ਘਾਟ ਅਤੇ ਕਣਕ ਵਿੱਚ ਮੈਗਨੀਜ਼ ਦੀ ਘਾਟ ਸ਼ਾਮਲ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤ ਵਿੱਚ ਹੀ ਵਾਹ ਦੇਣ। ਉਨ੍ਹਾਂ ਕਿਹਾ ਕਿ ਜੇਕਰ ਪਰਾਲੀ ਨੂੰ ਖੇਤ ਵਿੱਚ ਹੀ ਮਿਲਾ ਦਿੱਤਾ ਜਾਵੇ ਤਾਂ ਇਨ੍ਹਾਂ ਸਾਰੇ ਤੱਤਾਂ ਦੀ ਪੂਰਤੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਪ੍ਰਬੰਧਨ ਲਈ ਖੇਤੀ ਮਾਹਰਾਂ ਵੱਲੋਂ ਵਿਕਸਤ ਕੀਤੀਆਂ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਦਾ ਖਾਤਮਾ ਕੀਤਾ ਜਾ ਸਕਦਾ ਹੈ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਰਵਿੰਦਰ ਸਿੰਘ ਨੇ ਖੇਤੀ ਮਸ਼ੀਨਰੀ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਸਹਿਕਾਰਤਾ ਵਿਭਾਗ ਦੇ ਇੰਸਪੈਕਟਰ ਰੋਜਰ ਸ਼ਰਮਾ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਵਿੱਚ ਪਰਾਲੀ ਪ੍ਰਬੰਧਨ ਲਈ ਸਾਰੇ ਖੇਤੀ ਮਸ਼ੀਨਰੀ ਉਪਲਬਧ ਹੈ ਤਾਂ ਜੋ ਛੋਟੇ ਕਿਸਾਨ ਵੀ ਇਨ੍ਹਾਂ ਮਸ਼ੀਨਾਂ ਦਾ ਲਾਭ ਲੈ ਸਕਣ। ਖੇਤੀਬਾੜੀ ਵਿਸਥਾਰ ਅਫਸਰ ਸ਼ਿਵ ਕੁਮਾਰ ਨੇ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬਾਗਬਾਨੀ ਵਿਭਾਗ ਦੇ ਅਮਰਜੀਤ ਸਿੰਘ ਨੇ ਕਿਸਾਨਾਂ ਨੂੰ ਸਹਾਇਕ ਧੰਦੇ ਵਜੋਂ ਖੂੰਬ ਉਤਪਾਦਨ, ਮਧੂ ਮੱਖੀ ਪਾਲਣ ਅਤੇ ਫੁੱਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਖੇਤੀ ਆਮਦਨ ਵਿੱਚ ਵਾਧਾ ਕੀਤਾ ਸਕੇ। ਇਸ ਮੌਕੇ ਪ੍ਰਿਤਪਾਲ ਸਿੰਘ, ਸਮਸ਼ੇਰ ਸਿੰਘ, ਗਗਨਦੀਪ ਸਿੰਘ, ਸਕੱਤਰ ਇੰਦਰਜੀਤ ਸਿੰਘ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਹਾਜਰ ਸਨ।