ਲੁਧਿਆਣਾ, 4 ਦਸੰਬਰ 2024 : ਬਰਮਿੰਘਮ (ਇੰਗਲੈਂਡ)ਵੱਸਦੇ ਪੰਜਾਬੀ ਲੇਖਕ ਰਣਜੀਤ ਸਿੰਘ ਰਾਣਾ ਦੀ ਖੋਜ ਪੁਸਤਕ “ਭਾਈ ਬੁੱਧੂ ਜੀ ਪਰਜਾਪਤਿਃ ਵਿਰਸਾ ਅਤੇ ਵਾਰਸ ਲੋਕ ਅਰਪਣ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਹਾਸ਼ੀਆ ਗ੍ਰਸਤ ਲੋਕਾਂ ਦੇ ਨਾਇਕ ਹਮੇਸ਼ਾ ਮੁੱਖ ਧਾਰਾ ਦੇ ਨਾਇਕਾਂ ਨਾਲੋਂ ਵਧੇਰੇ ਪ੍ਰਵਾਨ ਹੁੰਦੇ ਹਨ। ਸ. ਰਣਜੀਤ ਸਿੰਘ ਰਾਣਾ ਨੇ ਹਾਸ਼ੀਆ ਗ੍ਰਸਤ ਲੋਕਾਂ ਦੇ ਨਾਇਕਾਂ ਬਾਬਾ ਹਰਦਾਸ ਸਿੰਘ, ਅਮਰ ਸ਼ਹੀਦ ਮੋਤੀ ਰਾਮ ਮਹਿਰਾ ਤੇ ਹਜ਼ੂਰੀ ਸ਼ਹੀਦ ਪੁਸਤਕਾਂ ਰਾਹੀਂ ਰਣਜੀਤ ਸਿੰਘ ਰਾਣਾ ਜੀ ਨੇ ਮੁੱਲਵਾਨ ਕਾਰਜ ਕੀਤਾ ਹੈ।ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਭਾਈ ਬੁੱਧੂ ਜੀ ਦਾ ਜ਼ਿਕਰ ਸਿੱਖ ਇਤਿਹਾਸ ਦੇ ਮੁੱਢਲੇ ਸ੍ਰੋਤਾਂ ਵਿੱਚ ਕਈ ਵਾਰ ਆਇਆ ਹੈ। ਉਸ ਦੀਆਂ ਕੱਚੀਆਂ ਇੱਟਾਂ, ਪੱਕਿਆਂ ਦੇ ਮੁੱਲ ਵਿਕਣ ਵਾਲੀ ਸਾਖੀ ਦਾਵਰਨਣ ਲਗਪਗ ਹਰ ਸਾਖੀਕਾਰ ਨੇ ਕੀਤਾ ਹੈ। ਪਰਜਾਪਤਿ ਭਾਈਚਾਰੇ ਦੇ ਸੀਨੀਅਰ ਆਗੂ ਕਰਮਜੀਤ ਸਿੰਘ ਨਾਰੰਗਵਾਲ ਨੇ ਕਿਹਾ ਕਿ ਕਿਰਤੀ ਲੋਕਾਂ ਦਾ ਇਤਿਹਾਸ ਸਾਨੂੰ ਕਿਰਤ ਨਾਲ ਜੋੜਦਾ ਹੈ। ਇਹ ਕਿਤਾਬ ਹਰ ਕਿਰਤੀ ਪਰਿਵਾਰ ਦਾ ਹਿੱਸਾ ਬਣਨੀ ਚਾਹੀਦੀ ਹੈ। ਇਸ ਪੁਸਤਕ ਨੂੰ ਭਾਈ ਚਤਰ ਸਿੰਘ ਜੀਵਨ ਸਿੰਘ ਜੀਵਨ ਸਿੰਘ ਪ੍ਰਕਾਸ਼ਨ ਅੰਮ੍ਰਿਤਸਰ ਨੇ ਛਾਪਿਆ ਹੈ।