ਬਰਨਾਲਾ, 10 ਫਰਵਰੀ (ਭੁਪਿੰਦਰ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ ਦੀ ਸੂਬਾਈ ਲੀਡਰਸ਼ਿਪ ਦੇ ਇੱਕ ਗੁੱਟ ਵੱਲੋਂ ਆਪਣੇ ਹੀ ਸੂਬਾਈ ਲੀਡਰਸ਼ਿਪ ਵਿੱਚ ਸੀਨੀਅਰ ਲੀਡਰਸ਼ਿਪ ਨੂੰ ਫੁੱਟ ਪਾਊ, ਗੈਰਸੰਵਿਧਾਨਕ, ਗੈਰਜਥੇਬੰਦਕ, ਗੁੱਟਬੰਦਕ ਅਮਲ ਰਾਹੀਂ ਜਥੇਬੰਦੀ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਦਾ ਅਮਲ ਜਾਰੀ ਰੱਖਿਆ ਹੋਇਆ ਹੈ। ਪ੍ਰੈੱਸ ਨੂੰ ਇਹ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ ਉਪਰੋਕਤ ਲੀਡਰਸ਼ਿਪ ਦਿੱਲੀ ਵਿਖੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਕੇਂਦਰੀ ਏਜੰਸੀਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਸਾਂਝ ਭਿਆਲੀ ਪਾਕੇ ਚੱਲ ਰਹੀ ਸੀ। ਲੀਡਰਸ਼ਿਪ ਦਾ ਅਜਿਹਾ ਸਾਜ਼ਿਸ਼ੀ ਅਮਲ ਬੀਕੇਯੂ ਏਕਤਾ ਡਕੌਂਦਾ ਅਤੇ ਸਾਂਝੇ ਕਿਸਾਨ ਘੋਲ ਨੂੰ ਹਰਜ਼ਾ ਪਹੁੰਚਾ ਰਿਹਾ ਸੀ। ਮਨਜੀਤ ਧਨੇਰ, ਗੁਰਦੀਪ ਰਾਮਪੁਰਾ, ਬਲਵੰਤ ਉੱਪਲੀ ਅਤੇ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਅਸੀਂ ਕਿਸਾਨ ਅੰਦੋਲਨ ਜਿੱਤ ਕੇ ਵਾਪਸ ਆਉਣ ਤੋਂ ਬਾਅਦ ਜਥੇਬੰਦੀ ਦੀ ਮਜ਼ਬੂਤੀ ਲਈ ਅਦਾਰਿਆਂ ਅੰਦਰ ਸਾਰਥਿਕ ਵਿਚਾਰ ਚਰਚਾ ਕਰਵਾਉਣ ਦੀ ਮੰਗ ਕਰਦੇ ਆ ਰਹੇ ਸੀ, ਪਰ ਸੂਬਾ ਪ੍ਰਧਾਨ ਲਗਾਤਾਰ ਜਥੇਬੰਦਕ ਉਲੰਘਣਾਵਾਂ ਕਰਦਾ ਹੋਇਆ ਅਵਾਜ਼ ਉਠਾਉਣ ਵਾਲੇ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਜਥੇਬੰਦਕ ਤਾਕਤ ਨੂੰ ਕਮਜ਼ੋਰ ਕਰ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਸੀਂ ਇਸ ਸਾਰੇ ਮਾਮਲੇ ਨੂੰ ਬੀਕੇਯੂ ਏਕਤਾ ਡਕੌਂਦਾ ਦੇ ਸੁਪਰੀਮ ਅਦਾਰੇ "ਸੂਬਾ ਜਨਰਲ ਕੌਂਸਲ" ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਸੂਬਾ ਜਨਰਲ ਕੌਂਸਲ 14 ਫਰਵਰੀ ਨੂੰ ਗੁਰਦੁਆਰਾ ਹਾਜੀ ਰਤਨ ਵਿਖੇ ਕੀਤੀ ਜਾ ਰਹੀ ਹੈ। ਆਗੂਆਂ ਨੇ ਬੂਟਾ ਸਿੰਘ ਬੁਰਜਗਿੱਲ ਦੇ ਗੁੱਟ ਦੀਆਂ ਆਪਹੁਦਰੀਆਂ, ਗੈਰਸੰਵਿਧਾਨਕ, ਗੁੱਟਬੰਦਕ, ਗੈਰ ਸੰਵਿਧਾਨਕ ਅਮਲ ਨੂੰ ਵਿਚਾਰਨ ਲਈ ਜਨਰਲ ਕੌਂਸਲ ਵਿੱਚ ਕਾਫ਼ਲੇ ਬੰਨ੍ਹ ਕੇ ਪੁੱਜਣ ਦੀ ਅਪੀਲ ਕੀਤੀ ਹੈ।