ਜਗਰਾਉਂ , 10 ਮਾਰਚ ( ਰਛਪਾਲ ਸਿੰਘ ਸ਼ੇਰਪੁਰੀ) : ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬੱਜਟ ਸ਼ੈਸ਼ਨ ਦੌਰਾਨ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪ੍ਰਸ਼ਨ ਨੰਬਰ 402 ਰਾਹੀਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਜਗਰਾਉਂ ਸ਼ਹਿਰ ਜਾਂ ਇਸ ਦੇ ਨਾਲ ਲੱਗਦੇ ਏਰੀਏ ਵਿੱਚ ਕੋਈ ਵੀ ਵੱਡਾ ਖੇਡ ਸਟੇਡੀਅਮ ਨਹੀਂ ਹੈ। ਜਗਰਾਉਂ ਸ਼ਹਿਰ ਦੇ ਲੋਕਾਂ ਦੀ ਇੱਕ ਵੱਡੀ ਮੰਗ ਨੂੰ ਪੂਰਾ ਕਰਨ ਲਈ ਪਹਿਲਾਂ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ। ਇਸ ਲਈ ਜੇਕਰ ਜਗਰਾਉਂ 'ਚ ਵੱਡਾ ਖੇਡ ਸਟੇਡੀਅਮ ਬਣ ਜਾਵੇ ਤਾਂ ਇਸ ਨਾਲ ਜਿੱਥੇ ਔਰਤਾਂ ਅਤੇ ਬਜ਼ੁਰਗਾਂ ਨੂੰ ਖੁੱਲੇ ਅਤੇ ਆਕਸੀਜ਼ਨ ਭਰੇ ਵਾਤਾਵਰਨ ਵਿੱਚ ਸ਼ੈਰ ਕਰਨ ਦਾ ਮੌਕਾ ਮਿਲ ਸਕੇਗਾ, ਉਥੇ ਹੀ ਨੌਜੁਆਨਾਂ ਨੂੰ ਨਸ਼ਿਆਂ ਵਾਲੇ ਪਾਸੇ ਤੋਂ ਮੋੜਕੇ ਖੇਡਾਂ ਦੇ ਖੇਤਰ ਨਾਲ ਜੋੜਨ ਲਈ ਇੱਕ ਵਧੀਆਂ ਪਲੇਟਫਾਰਮ ਵੀ ਮਿਲ ਸਕੇਗਾ। ਉਹਨਾਂ ਕਿਹਾ ਵਧੀਆਂ ਖੇਡ ਸਟੇਡੀਅਮ ਹੋਵੇਗਾ ਤਾਂ ਇੱਥੇ ਚੰਗੇ ਖਿਡਾਰੀ ਵੀ ਪੈਦਾ ਕੀਤੇ ਜਾ ਸਕਣਗੇ, ਜੋ ਇਲਾਕੇ ਦਾ ਨਾਮ ਰੌਸ਼ਨ ਕਰਨਗੇ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਇਸ ਸੁਆਲ ਦਾ ਜੁਵਾਬ ਦਿੰਦੇ ਹੋਏ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਧਾਇਕਾ ਮਾਣੂੰਕੇ ਦੀ ਮੰਗ ਨੂੰ ਜਾਇਜ਼ ਠਹਿਰਾਉਂਦੇ ਹੋਏ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਗਰਾਉਂ ਦੇ ਨਾਲ ਲੱਗਦੇ ਪਿੰਡ ਰਾਮਗੜ੍ਹ ਭੁੱਲਰ ਦੀ ਪੰਚਾਇਤ ਨਾ ਸੰਪਰਕ ਕੀਤਾ ਹੈ ਅਤੇ ਗਰਾਮ ਪੰਚਾਇਤ 10 ਏਕੜ ਜ਼ਮੀਨ ਦੇਣ ਲਈ ਤਿਆਰ ਹੈ। ਜਦੋਂ ਹੀ ਪ੍ਰਸ਼ਾਸ਼ਨ ਵੱਲੋਂ ਖੇਡ ਸਟੇਡੀਅਮ ਬਨਾਉਣ ਲਈ ਪ੍ਰਪੋਜ਼ਲ ਤਿਆਰ ਕਰਕੇ ਭੇਜਿਆ ਜਾਵੇਗਾ, ਤਾਂ ਉਸ ਉਪਰੰਤ ਕਾਰਵਾਈ ਕੀਤੀ ਜਾਵੇਗੀ। ਇਸ ਉਪਰੰਤ ਵਿਧਾਇਕਾ ਮਾਣੂੰਕੇ ਨੇ ਫਿਰ ਮੁੱਦਾ ਉਠਾਉਂਦੇ ਹੋਏ ਮਾਨਯੋਗ ਸਪੀਕਰ ਨੂੰ ਇੱਕ ਪੱਤਰ ਦੀ ਕਾਪੀ ਸੌਂਪਦੇ ਹੋਏ ਆਖਿਆ ਪਿਛਲੀ ਸਰਕਾਰ ਮੌਕੇ ਮਿਤੀ 21 ਮਾਰਚ 2018 ਨੂੰ ਉਸ ਵੇਲੇ ਦੇ ਖੇਡ ਮੰਤਰੀ ਵੱਲੋਂ ਉਹਨਾਂ ਨੂੰ ਜਗਰਾਉਂ ਵਿਖੇ ਖੇਡ ਸਟੇਡੀਅਮ ਬਨਾਉਣ ਲਈ 10 ਕਰੋੜ ਰੁਪਏ ਦਾ ਪੱਤਰ ਜਾਰੀ ਕੀਤਾ ਸੀ, ਪਰੰਤੂ ਖੇਡ ਸਟੇਡੀਅਮ ਬਣਾਇਆ ਹੀ ਨਹੀਂ। ਕਿਤੇ ਇਸ ਵਾਰ ਵੀ ਇਹ ਲਾਰਾ ਹੀ ਬਣਕੇ ਨਾ ਰਹਿ ਜਾਵੇ, ਇਸ ਲਈ ਖੇਡ ਸਟੇਡੀਅਮ ਬਨਾਉਣ ਨੂੰ ਸਮਾਂਬੱਧ ਕੀਤਾ ਜਾਵੇ। ਖੇਡ ਮੰਤਰੀ ਮੀਤ ਹੇਅਰ ਨੇ ਮੁੜ ਵਿਸ਼ਵਾਸ ਦਿਵਾਉਂਦੇ ਹੋਏ ਆਖਿਆ ਪਿਛਲੀ ਸਰਕਾਰ ਮੌਕੇ ਤਾਂ ਸਾਰਿਆਂ ਨੂੰ ਲਾਰੇ ਹੀ ਮਿਲੇ ਸਨ, ਪਰੰਤੂ ਉਹ ਵਿਸ਼ਵਾਸ਼ ਨਾਲ ਕਹਿੰਦੇ ਹਨ ਕਿ ਖੇਡ ਸਟੇਡੀਅਮ ਦਾ ਕੰਮ ਅਗਲੇ ਚਾਲੂ ਸਾਲ ਦੌਰਾਨ ਹਰ ਹਾਲਤ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਜਗਰਾਉਂ ਹਲਕੇ ਦੀ ਬਿਹਤਰੀ ਲਈ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਲਗਾਤਾਰ ਲੋਕ ਮੁੱਦੇ ਉਠਾ ਰਹੇ ਹਨ ਅਤੇ ਪੰਜਾਬ ਸਰਕਾਰ ਪਾਸੋਂ ਮੰਨਜੂਰ ਵੀ ਕਰਵਾ ਰਹੇ ਹਨ। ਇਸ ਤੋਂ ਇਲਾਵਾ ਹਲਕੇ ਦੇ ਵਿਕਾਸ ਲਈ ਅਖਾੜਾ ਨਹਿਰ ਤੇ 8 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ 40 ਫੁੱਟ ਚੌੜਾ ਪੁਲ, ਗਿੱਦੜਵਿੰਡੀ ਵਿਖੇ ਸਵਾ 4 ਕਰੋੜ ਨਾਲ ਬਿਜਲੀ ਦਾ 66 ਕੇਵੀ ਗਰਿੱਡ, ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕਰੋੜਾਂ ਰੁਪਏ ਦੀ ਪ੍ਰਵਾਨਗੀ, ਸੀਵਰੇਜ ਤੇ ਵਾਟਰ ਸਪਲਾਈ ਲਈ ਕਰੋੜਾਂ ਰੁਪਏ ਦੀ ਮੰਨਜੂਰੀ, ਗਾਲਿਬ ਕਲਾਂ ਗਰਿੱਡ ਤੋਂ 23.63 ਲੱਖ ਰੁਪਏ ਨਾਲ ਅਤੇ ਅਗਵਾੜ ਲੋਪੋ ਜਗਰਾਉਂ ਗਰਿੱਡ ਤੋਂ 22 ਲੱਖ ਰੁਪਏ ਨਾਲ ਦੋ ਨਵੇਂ 11 ਕੇਵੀ ਗਰਿੱਡ ਚਾਲੂ ਕਰਵਾਉਣੇ, ਬਿਜਲੀ ਦੇ ਮੀਟਰ ਬਕਸ਼ੇ ਤੇ ਤਾਰਾਂ ਦੇ ਜਾਲ ਪਾਸੇ ਕਰਨ ਲਈ ਲਗਭਗ 50 ਲੱਖ ਰੁਪਏ ਦੀ ਪ੍ਰਵਾਨਗੀ, ਡੇਢ ਕਰੋੜ ਰੁਪਏ ਨਾਲ ਲਾਲਾ ਲਾਜਪਤ ਰਾਏ ਭਵਨ ਦੀ ਉਸਾਰੀ, ਆੜਤੀਆ ਭਵਨ ਦੀ ਮੰਨਜੂਰੀ, ਡਾ.ਅੰਬੇਡਕਰ ਚੌਂਕ ਦੀ ਪ੍ਰਵਾਨਗੀ, ਮੰਡੀ ਵਿੱਚ ਨਵੇਂ ਫੜ, ਇਲਾਕੇ ਦੇ ਮੂੰਗੀ ਕਾਸ਼ਤਕਾਰਾਂ ਨੂੰ ਕਰੋੜਾਂ ਰੁਪਏ ਜਾਰੀ ਕਰਵਾਉਣੇ, ਸਿਵਲ ਹਸਪਤਾਲ ਦਾ ਪਹਿਲੇ ਨੰਬਰ 'ਤੇ ਆਉਣਾ, 6 ਕਰੋੜ ਰੁਪਏ ਦੀ ਲਾਗਤ ਨਾ ਜੱਚਾ-ਹਸਪਤਾਲ ਬਨਾਉਣਾ, ਪਿੰਡਾਂ ਵਿੱਚ ਨਵੇਂ ਖੇਡ ਗਰਾਉਂਡ ਤੇ ਪਾਰਕਾਂ ਦੀ ਪ੍ਰਵਾਨਗੀ ਆਦਿ ਪ੍ਰਮੁੱਖ ਕੰਮ ਕਰਵਾਏ ਗਏ ਹਨ। ਜਿਸ ਕਾਰਨ ਜਗਰਾਉਂ ਇਲਾਕੇ ਦੇ ਲੋਕਾਂ ਵਿੱਚ ਵਿਧਾਇਕਾ ਮਾਣੂੰਕੇ ਕੱਦ ਉਚਾ ਹੋ ਰਿਹਾ ਹੈ ਅਤੇ ਸਤਿਕਾਰ ਵੀ ਵਧ ਰਿਹਾ ਹੈ। ਲੋਕਾਂ ਨੂੰ ਹੁਣ ਆਸ ਦੀ ਕਿਰਨ ਜਾਗ ਪਈ ਹੈ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਕੋਈ ਪਹਿਲਾ ਅਜਿਹਾ ਵਿਧਾਇਕ ਜਗਰਾਉਂ ਇਲਾਕੇ ਨੂੰ ਮਿਲਿਆ ਹੈ ਜੋ ਲਗਾਤਾਰ ਸਖਤ ਮਿਹਨਤ ਕਰਕੇ ਜਗਰਾਉਂ ਇਲਾਕੇ ਦੀ ਕਾਇਆ ਕਲਪ ਕਰਨ ਲਈ ਯਤਨਸ਼ੀਲ ਹੈ।