ਰਾਏਕੋਟ, 09 ਮਾਰਚ (ਚਮਕੌਰ ਸਿੰਘ ਦਿਉਲ) : ਤਹਿਸੀਲ ਕੰਪਲੈਕਸ ਰਾਏਕੋਟ ਵਿਖੇ ਵਾਹਨਾਂ ਲਈ ਪਾਰਕਿੰਗ ਨੂੰ ਠੇਕੇ 'ਤੇ ਦੇਣ ਸਬੰਧੀ ਖੁੱਲੀ ਬੋਲੀ 22 ਮਾਰਚ, 2023 ਨੂੰ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ, ਰਾਏਕੋਟ ਵਿੱਚ ਰੱਖੀ ਗਈ ਹੈ ਜਿਸ ਸਬੰਧੀ ਰਿਜ਼ਰਵ ਰਕਮ 1.50 ਲੱਖ ਹੈ ਅਤੇ ਸਕਿਊਰਟੀ ਰਕਮ 10 ਹਜ਼ਾਰ ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਸਬੰਧੀ ਉਪ-ਮੰਡਲ ਮੈਜਿਸਟ੍ਰੇਟ ਰਾਏਕੋਟ ਗੁਰਬੀਰ ਸਿੰਘ ਕੋਹਲੀ ਵਲੋਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਲ 2023-24 (31-03-2024 ਤੱਕ) ਲਈ ਤਹਿਸੀਲ ਕੰਪਲੈਕਸ ਰਾਏਕੋਟ ਵਿਖੇ ਵਾਹਨਾਂ ਲਈ ਪਾਰਕਿੰਗ ਨੂੰ ਠੇਕੇ 'ਤੇ ਦੇਣ ਸਬੰਧੀ ਖੁੱਲੀ ਬੋਲੀ 22 ਮਾਰਚ ਨੂੰ ਹੋਵੇਗੀ ਜਿਸਦਾ ਸਮਾਂ ਸਵੇਰੇ 11:30 ਵਜੇ ਅਤੇ ਸਥਾਨ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ, ਰਾਏਕੋਟ ਰੱਖਿਆ ਗਿਆ ਹੈ। ਐਸ.ਡੀ.ਐਮ. ਕੋਹਲੀ ਨੇ ਅੱਗੇ ਦੱਸਿਆ ਕਿ ਦੱਸਿਆ ਕਿ ਬੋਲੀ ਦੀ ਰਕਮ ਦਾ ਚੌਥਾ ਹਿੱਸਾ ਮੌਕੇ 'ਤੇ ਹੀ ਜਮ੍ਹਾਂ ਕਰਵਾਇਆ ਜਾਵੇਗਾ, ਰਾਸ਼ੀ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਠੇਕੇਦਾਰ ਵਲੋਂ ਜਮ੍ਹਾਂ ਸਕਿਊਰਿਟੀ ਦੀ ਰਕਮ ਜਬ਼ਤ ਕਰ ਲਈ ਜਾਵੇਗੀ। ਠੇਕੇ ਦੀ ਬਾਕੀ ਰਕਮ 10 ਮਹੀਨਾਵਾਰ ਕਿਸ਼ਤਾਂ ਰਾਹੀਂ ਜਮ੍ਹਾਂ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਬੋਲੀਕਾਰ ਨੂੰ ਆਧਾਰ ਕਾਰਡ, ਸ਼ਨਾਖ਼ਤੀ ਕਾਰਡ ਅਤੇ ਸਿਕਿਊਰਟੀ ਪਰੂਫ ਵਜੋਂ ਮਕਾਨ/ਜ਼ਮੀਨ ਦੀ ਰਜਿਸਟਰੀ ਆਦਿ ਆਪਣੀ ਦਰਖਾਸਤ ਨਾਲ ਪੇਸ਼ ਕਰਨਾ ਹੋਵੇਗਾ। ਠੇਕੇ ਦੀਆਂ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਦਫਤਰ ਉਪ ਮੰਡਲ ਮੈਜਿਸਟਰੇਟ, ਰਾਏਕੋਟ ਵਿਖੇ ਹਰ ਕੰਮ ਵਾਲੇ ਦਿਨ ਸਵੇਰੇ 09 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।