- ਕੇਜਰੀਵਾਲ ਦੀ ਅੰਮ੍ਰਿਤਸਰ ਰੈਲੀ ਵਾਸਤੇ ਭੀੜ ਜੁਟਾਉਣ ਲਈ ਅਧਿਆਪਕਾਂ ਨੂੰ ਕੰਡਕਟਰ ਲਗਾ ਕੇ ਅਪਮਾਨ ਕੀਤਾ : ਬਾਦਲ
ਤਲਵੰਡੀ ਸਾਬੋ, 14 ਸਤੰਬਰ : ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਮੈਰੀਟੋਰੀਅਸ ਸਕੂਲ ਸਕੀਮ ਦਾ ਨਾਂ ਬਦਲ ਕੇ ਇਸਨੂੰ ਮੁੜ ਸ਼ੁਰੂ ਕਰਨ ਦਾ ਢੋਂਗ ਕੀਤਾ ਜਦੋਂ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਰੈਲੀ ਵਾਸਤੇ ਭੀੜ ਜੁਟਾਉਣ ਲਈ ਅਧਿਆਪਕਾਂ ਨੂੰ ਕੰਡਕਟਰ ਲਗਾ ਕੇ ਉਹਨਾਂ ਦਾ ਅਪਮਾਨ ਕੀਤਾ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਕਰਵਾਈ ਯੂਥ ਮਿਲਣੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਧਿਆਪਕਾਂ ਤੇ ਪਟਵਾਰੀਆਂ ਨੂੰ 750 ਬੱਸਾਂ ਵਿਚ ਲੋਕਾਂ ਨੂੰ ਰੈਲੀ ਵਾਲੀ ਥਾਂ ਲੈ ਕੇ ਜਾਣ ਵਾਸਤੇ ਮਜਬੂਰ ਕਰਨ ਦੇ ਬਾਵਜੂਦ ਪੰਜਾਬੀ ਆਪ ਦੇ ਇਸ ਪਬਲੀਸਿਟੀ ਸਟੰਟ ਤੋਂ ਦੂਰ ਰਹੇ ਤੇ ਸਮਾਜ ਦੇ ਵੱਖ-ਵੱਖ ਵਰਗਾਂ ਜਿਹਨਾਂ ਨਾਲ ਇਸ ਲੋਕ ਵਿਰੋਧੀ ਸਰਕਾਰ ਨੇ ਧੋਖਾ ਕੀਤਾ ਹੈ, ਵੱਲੋਂ ਆਪ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ। ਸੁਖਬੀਰ ਸਿੰਘ ਬਾਦਲ ਨੇ ਇੱਕ ਹੀ ਸਕੂਲ ਆਫ ਐਮੀਨੈਂਸ ਖੋਲ੍ਹਣ ’ਤੇ ਕਰੋੜਾਂ ਰੁਪਏ ਖਰਚ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਨੇ 2014 ਵਿਚ 10 ਮੈਰੀਟੋਰੀਅਸ ਸਕੂਲ ਖੋਲ੍ਹੇ ਸਨ ਤੇ ਇਹਨਾਂ ਵਿਚੋਂ 18000 ਵਿਦਿਆਰਥੀ ਪਾਸ ਹੋਏ ਤੇ ਇਹਨਾਂ ਸਕੂਲਾਂ ਵਿਚ 1110 ਬੱਚਿਆਂ ਵੱਖ-ਵੱਖ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਕਲੀਅਰ ਕੀਤੀਆਂ। ਉਹਨਾਂ ਕਿਹਾ ਕਿ ਹੁਣ 7535 ਵਿਦਿਆਰਥੀ ਇਹਨਾਂ ਸਕੂਲਾਂ ਵਿਚ ਪੜ੍ਹ ਰਹੇ ਹਨ। ਉਹਨਾਂ ਕਿਹਾਕਿ ਇਸ ਸਰਕਾਰ ਨੇ ਕੱਖ ਨਹੀਂ ਕੀਤਾ ਸਿਵਾਏ ਸਕੂਲ ਦਾ ਨਾਂ ਬਦਲਣ ਤੇ ਪਬਲੀਸਿਟੀ ਸਟੰਟ ਕਰਨ ’ਤੇ ਜਿਸਦਾ ਸਿਹਰਾ ਸ੍ਰੀ ਅਰਵਿੰਦ ਕੇਜਰੀਵਾਲ ਦੇ ਸਿਰ ਬੰਨਣ ਦਾ ਯਤਨ ਕੀਤਾ ਗਿਆ। ਉਹਨਾਂ ਕਿਹਾ ਕਿਹਾ ਕਿ ਆਪ ਸਰਕਾਰ ਮੈਰੀਟੋਰੀਅਸ ਸਕੂਲਾਂ ਨੂੰ ਚੱਲਣ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਇਹਨਾਂ ਸਕੂਲਾਂ ਵਿਚ ਡਾਈਟ 180 ਰੁਪਏ ਤੋਂ ਘਟਾ ਕੇ 79 ਰੁਪਏ ਕਰ ਦਿੱਤੀ ਗਈ ਹੈ ਤੇ 965 ਸੀਟਾਂ ਇਸ ਵਾਰ ਵੀ ਖਾਲੀਰਹਿ ਗਈਆਂ ਹਨ ਤੇ ਸਰਕਾਰ ਸਾਰੀਆਂ ਸੀਟਾਂ ਭਰਨ ਵਾਸਤੇ ਦੂਜੀ ਕੌਂਸਲਿੰਗ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਸਿਵਾਏ ਪਬਲੀਸਿਟੀ ਸਟੰਟ ਕਰਨ ਦੇ ਹੋਰ ਕੁਝ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਸੈਰ ਸਪਾਟਾ ਸੰਮੇਲਨ ਵੀ ਪੂਰੀ ਤਰ੍ਹਾਂ ਫੇਲ੍ਹ ਰਿਹਾ। ਉਹਨਾਂ ਕਿਹਾ ਕਿ ਸਰਕਾਰ ਇਸ ਤਿੰਨ ਰੋਜ਼ਾ ਪ੍ਰੋਗਰਾਮ ਨੂੰ ਦੋ ਦਿਨਾਂ ਵਿਚ ਹੀ ਖਤਮ ਕਰਨ ਵਾਸਤੇ ਮਜਬੂਰ ਹੋਈ ਕਿਉਂਕਿ ਸੈਰ ਸਪਾਟਾ ਖਤਰ ਤੋਂ ਇਸਨੂੰ ਕੋਈ ਹੁੰਗਾਰਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਸੰਮੇਲਨ ਵਿਚ ਕੋਈ ਵੀ ਪ੍ਰਮੁੱਖ ਸੈਰ ਸਪਾਟਾ ਕੰਪਨੀ ਨਹੀਂ ਆਈ। ਉਹਨਾਂ ਕਿਹਾ ਕਿ ਇਸ ਸੰਮੇਲਨ ਵਿਚ ਵੀ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਣਾਏ ਪ੍ਰਾਜੈਕਟ ਹੀ ਵਿਖਾਏ ਤੇ ਇਸ ਵਿਚ ਇਕ ਵੀ ਨਵਾਂ ਪ੍ਰਾਜੈਕਟ ਪੇਸ਼ ਨਹੀਂ ਕੀਤਾ ਗਿਆ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨਾਲ ਆਪ ਸਰਕਾਰ ਧੋਖਾ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਪਿਛਲੀ ਅਕਾਲੀ ਸਰਕਾਰ ਵੇਲੇ ਦਿੱਤੀਆਂ ਜਾਂਦੀਆਂ 200 ਯੂਨਿਟ ਮੁਫਤ ਬਿਜਲੀ ਦੀਆਂ ਯੂਨਿਟਾਂ ਵਧਾ ਕੇ 300 ਤਾਂ ਕਰ ਦਿੱਤੀਆਂ ਪਰ ਆਟਾ ਦਾਲ, ਸ਼ਗਨ ਸਕੀਮ, ਪੈਨਸ਼ਨਯਕੀਮ, ਐਸ ਸੀ ਸਕਾਲਰਸ਼ਿਪ ਸਕੀਮ, ਮੁਫਤ ਸਾਈਕਲਾਂ, ਸਪੋਰਟਸ ਕਿੰਟਾਂ ਤੇ ਜਿੰਮ ਵੰਡਣ ਦੀਆਂ ਸਕੀਮਾਂ ਬੰਦ ਕਰ ਦਿੱਤੀਆਂ। ਉਹਨਾਂ ਕਿਹਾ ਕਿ ਡੀਜ਼ਲ ’ਤੇ ਵੈਟ ਵਧਾ ਕੇ ਕਿਸਾਨਾਂ ’ਤੇ ਨਵਾਂ ਬੋਝ ਪਾ ਦਿੱਤਾ ਗਿਆ ਹੈ ਜਦੋਂ ਕਿ ਬਿਜਲੀ ਦਰਾਂ ਵਿਚ ਵਾਧਾ ਕਰਨ ਨਾਲ ਉਦਯੋਗਿਕ ਖੇਤਰ ’ਤੇ ਮਾੜਾ ਅਸਰ ਪਿਆ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਇਸ ’ਬਦਲਾਅ’ ਨੂੰ ਵੇਖ ਰਹੇ ਹਨ ਤੇ ਉਹ ਲੁਟੇਰਿਆਂ, ਠੱਗਾਂ ਤੇ ਘੁਟਾਲੇਬਾਜ਼ਾਂ ਦੀ ਸਰਕਾਰ ਨੂੰ ਠੋਕਵਾਂ ਜਵਾਬ ਜ਼ਰੂਰ ਦੇਣਗੇ। ਉਹਨਾਂ ਨੇ ਆਪ ਸਰਕਾਰ ਵੱਲੋਂ ਕਿਸਾਨਾਂ ਲਈ ਮੁਆਵਜ਼ੇ ਵਾਸਤੇ ਸਿਰਫ 186 ਕਰੋੜ ਰੁਪਏ ਜਾਰੀ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਜੁਲਾਈ ਦੇ ਹੜ੍ਹਾਂ ਕਾਰਨ 10 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਨੇ ਆਪ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਡਰੱਗ ਮਾਫੀਆ ਤੋਂ ਮਹੀਨੇ ਲੈਣ ਦੀ ਨਿਖੇਧੀ ਕੀਤੀ ਤੇ ਇਸ ਮਾਫੀਆ ਕਾਰਨ ਸਾਰੀ ਨੌਜਵਾਨ ਪੀੜੀ ਲਈ ਖ਼ਤਰਾ ਬਣਿਆ ਹੋਇਆ ਹੈ।ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਨੌਜਵਾਨਾਂ ਨੂੰ ਅਕਾਲੀ ਦਲ ਦੇ ਬੈਨਰ ਹੇਠ ਇਕਜੁੱਟ ਹੋਣ ਦੀ ਅਪੀਲ ਕੀਤੀ ਤੇ ਕਿਹਾ ਕਿ ਇਸ ਨਾਲ ਹੀ ਆਪ ਸਰਕਾਰ ਨੂੰ ਵਾਅਦੇ ਪੂਰੇ ਕਰਨ ਵਾਸਤੇ ਮਜਬੂਰ ਕੀਤਾ ਜਾ ਸਕੇਗਾ।