- ਸੀ.ਬੀ.ਸੀ ਨੇ 3-ਨਵੇਂ ਅਪਰਾਧਿਕ ਕਾਨੂੰਨਾਂ ਬਾਰੇ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ
ਮੋਗਾ, 19 ਜੁਲਾਈ 2024 : ਕਾਨੂੰਨ ਦੇ ਵਿਦਿਆਰਥੀਆਂ ਵਿੱਚ 3 ਨਵੇਂ ਅਪਰਾਧਿਕ ਕਾਨੂੰਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ (ਸੀਬੀਸੀ), ਜਲੰਧਰ ਵੱਲੋਂ ਬਾਬਾ ਕੁੰਦਨ ਸਿੰਘ ਲਾਅ ਕਾਲਜ ਵਿਖੇ ਇੱਕ ਵਿਸ਼ੇਸ਼ ਇੰਟਰ-ਐਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਾਗਰੂਕਤਾ ਪ੍ਰੋਗਰਾਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੋਗਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਐਸ. ਐਸ. ਧਾਲੀਵਾਲ ਦੀ ਅਗਵਾਈ ਹੇਠ ਮੁੱਖ ਨਿਆਂਇਕ ਮੈਜਿਸਟ੍ਰੇਟ-ਕਮ-ਸਕੱਤਰ ਡੀ.ਐਲ.ਐਸ.ਏ ਜਤਿੰਦਰਪਾਲ ਸਿੰਘ ਨੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਚੰਗੇ ਵਕੀਲ ਬਣਨ ਅਤੇ ਲੋੜਵੰਦਾਂ ਨੂੰ ਜਲਦੀ ਨਿਆਂ ਪ੍ਰਦਾਨ ਕਰਨ ਵਿੱਚ ਨਿਆਂ ਪ੍ਰਣਾਲੀ ਦੀ ਮਦਦ ਕਰਨ। ਸਮੀਰ ਗੁਪਤਾ, ਚੀਫ਼ ਲੀਗਲ ਏਡ ਡਿਫੈਂਸ ਕੌਂਸਲ, ਮੋਗਾ ਨੇ 3-ਨਵੇਂ ਅਪਰਾਧਿਕ ਕਾਨੂੰਨਾਂ-ਭਾਰਤੀ ਨਿਆਂ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ੈ ਅਧੀਨਿਯਮ ਬਾਰੇ ਦੱਸਿਆ ਜੋ 1 ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਰਾਹੀਂ ਇਲੈਕਟ੍ਰੋਨਿਕ-ਐਫ.ਆਈ.ਆਰ ਦਰਜ ਕਰਨ ਨੂੰ ਆਸਾਨ ਬਣਾਇਆ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਲੋੜ ਪੈਣ 'ਤੇ ਥਾਣਿਆਂ 'ਚ ਨਾ ਜਾਣਾ ਪਵੇ ਅਤੇ ਉਹ ਈਮੇਲ ਰਾਹੀਂ ਘਰ ਬੈਠੇ ਹੀ ਆਪਣੀ ਰਿਪੋਰਟ ਦਰਜ ਕਰਵਾ ਸਕਣ, ਉਸੇ ਤਰ੍ਹਾਂ ਦੇਸ਼-ਵਿਰੋਧੀ ਅਨਸਰਾਂ ਨਾਲ ਨਜਿੱਠਣ ਲਈ ਅੱਤਵਾਦ ਅਤੇ ਦੇਸ਼ ਧ੍ਰੋਹ ਬਾਰੇ ਕਾਨੂੰਨਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਜ਼ੀਰੋ ਐਫ.ਆਈ.ਆਰ. ਦੀ ਧਾਰਨਾ ਬਾਰੇ ਵੀ ਵਿਸਥਾਰ ਨਾਲ ਦੱਸਿਆ। ਫੀਲਡ ਪਬਲੀਸਿਟੀ ਅਫ਼ਸਰ ਰਾਜੇਸ਼ ਬਾਲੀ ਨੇ ਦੱਸਿਆ ਕਿ ਇਸ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕਾਨੂੰਨ ਦੇ ਵਿਦਿਆਰਥੀਆਂ ਲਈ ਕੀਤਾ ਗਿਆ ਹੈ ਤਾਂ ਕਿ ਉਹ ਇੱਥੇ ਪ੍ਰਾਪਤ ਕੀਤੀ ਜਾਣਕਾਰੀ ਨੂੰ ਜਦੋਂ ਆਪਣੇ ਸਿਲੇਬਸ ਵਿਚ ਪੜ੍ਹਨਗੇ ਤਾਂ ਓਹਨਾ ਨੂੰ ਸਮਝਣ ਵਿਚ ਹੋਰ ਆਸਾਨੀ ਹੋਵੇਗੀ।ਫੀਲਡ ਪਬਲੀਸਿਟੀ ਅਸਿਸਟੈਂਟ ਗੁਰਕਮਲ ਸਿੰਘ ਵੱਲੋਂ ਨਵੇਂ ਕਾਨੂੰਨਾਂ ਬਾਰੇ ਇੱਕ ਕੁਇਜ਼ ਵੀ ਕਰਵਾਈ ਗਈ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਦੇ ਪਿੰਸੀਪਲ ਦਲੀਪ ਕੁਮਾਰ ਪੱਤੀ ਅਤੇ ਕਾਰਜਕਾਰੀ ਪਿੰਸੀਪਲ ਡਾ. ਮਧੂ ਵੀ ਹਾਜ਼ਰ ਸਨ।