- ਸੰਗੀਤ ਸਾਡੇ ਰੂਹ ਦੀ ਖੁਰਾਕ -ਡੀ.ਆਈ.ਜੀ ਅਜੇ ਮਲੂਜਾ
- ਸ਼ਹਿਰ ਦੀਆਂ ਮੌਹਤਬਰ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ
- 4 ਨਵੰਬਰ ਨੂੰ ਯੂ.ਟਿਊਬ ਤੇ ਹੋਵੇਗਾ ਅਪਲੋਡ
ਫਰੀਦਕੋਟ 30 ਅਕਤੂਬਰ : ਡੀ.ਆਈ.ਜੀ ਬਠਿੰਡਾ ਰੇਜ ਅਜੇ ਮਲੂਜਾ ਨੇ ਅੱਜ ਫਰੀਦਕੋਟ ਪਹੁੰਚ ਕੇ ਬਲਧੀਰ ਮਾਹਲਾ ਦੇ ਨਵੇਂ ਗਾਣੇ "ਤੂੰਬੀ ਮਾਹਲੇ ਦੀ" ਘੁੰਡ ਚੁਕਾਈ ਕੀਤੀ। ਇਸ ਦੌਰਾਨ ਉਹਨਾਂ ਕਿਹਾ ਕਿ ਸੰਗੀਤ ਰੂਹ ਦੀ ਖੁਰਾਕ ਹੈ। ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਬਲਧੀਰ ਮਾਹਲਾ ਜਿਹੇ ਸੰਜੀਦਾ ਕਲਾਕਾਰਾਂ ਦੀ ਲੋੜ ਜਿਆਦਾ ਮਹਿਸੂਸ ਹੁੰਦੀ ਹੈ ਉਹਨਾਂ ਨੇ ਬਲਧੀਰ ਮਾਹਲਾ ਵੱਲੋਂ ਲਿਖੇ ਗਏ ਅਤੇ ਗਾਏ ਗਏ ਗਾਣਿਆਂ ਦੀ ਸਿਫਤ ਕਰਦੇ ਕਿਹਾ ਕਿ ਉਨ੍ਹਾਂ ਵੱਲੋਂ ਲਿਖੇ ਗਏ ਗਾਣੇ ਅੱਜ ਲੋਕ ਗੀਤ ਬਣ ਗਏ ਹਨ ਅਤੇ ਕਈ ਸਾਲ ਪਹਿਲਾਂ ਲਿਖਿਆ ਤੇ ਗਾਇਆ ਗਿਆ ਗਾਣਾ "ਕੁਕੂ ਰਾਣਾ ਰੋਂਦਾ" ਨੂੰ ਚੇਤੇ ਕਰਦੇ ਉਹਨਾਂ ਕਿਹਾ ਕਿ ਬਲਧੀਰ ਮਾਹਲਾ ਵੱਲੋਂ ਲਿਖੇ ਗਏ ਗਾਣਿਆਂ ਵਿੱਚ ਵਿਲੱਖਣਤਾ ਹੁੰਦੀ ਹੈ ਜਿਸਦੇ ਪਿੱਛੇ ਮਿਹਨਤ ਛੁੱਪੀ ਹੁੰਦੀ ਹੈ। ਉਨ੍ਹਾਂ ਵਲੋਂ ਮਾਲਕ ਟਰਾਲਿਆਂ ਦੇ, ਅੱਖੀਆਂ ਰੋਣਗੀਆਂ, ਯਾਦਾਂ ਪਿਆਰ ਦੀਆਂ ਗੀਤ ਲਿਖੇ ਤੇ ਗਾਏ ਗਏ ਹਨ। ਉਨ੍ਹਾਂ ਬਲਧੀਰ ਮਾਹਲਾ ਤੇ ਉਹਨਾਂ ਦੀ ਸਾਰੀ ਟੀਮ ਨੂੰ ਵਧਾਈਆਂ ਦਿੱਤੀਆਂ ਤੇ ਉਮੀਦ ਜਾਹਰ ਕੀਤੀ ਕਿ ਇਹ ਗਾਣਾ ਜਰੂਰ ਹਿੱਟ ਹੋਵੇਗਾ ਅਤੇ ਲੋਕਾਂ ਨੂੰ ਪਸੰਦ ਆਏਗਾ। ਇਸ ਮੌਕੇ ਬਲਧੀਰ ਮਾਹਲਾ ਨੇ "ਤੂੰਬੀ ਮਾਹਲੇ ਦੀ, ਮਾਂ ਦਿਆਂ ਸੁਰਜਣਾ, ਕੁਕੂ ਰਾਣਾ ਰੋਂਦਾ" ਰਾਹੀਂ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਉਨ੍ਹਾਂ ਦੱਸਿਆ ਕਿ 4 ਨਵੰਬਰ ਨੂੰ ਇਹ ਗਾਣਾ ਯੂ.ਟਿਊਬ ਤੇ ਅਪਲੋਡ ਕੀਤਾ ਜਾਵੇਗਾ। ਬਲਧੀਰ ਮਾਹਲਾ ਪਿੰਡ ਮਾਹਲਾ ਕਲਾਂ (ਮੋਗਾ) ਦੇ ਜੰਮਪਲ ਤੇ ਫ਼ਰੀਦਕੋਟ ਦੇ ਰਹਿਣ ਵਾਲੇ ਹਨ।ਬਲਧੀਰ ਮਾਹਲਾ ਇਕ ਸਿੰਗਰ ਵੀ ਹਨ ਤੇ ਸ਼ਾਇਰ ਵੀ। ਮੰਚ ਸੰਚਾਲਨ ਦੀ ਭੂਮਿਕਾ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਵਲੋਂ ਨਿਭਾਈ ਗਈ। ਸ੍ਰੀ ਜਨਿੰਦਰ ਜੈਨ, ਜਿਲਾ ਭਾਸ਼ਾ ਅਫਸਰ ਸ.ਮਨਜੀਤ ਪੁਰੀ, ਡਾ. ਗੁਰਸੇਵਕ ਸਿੰਘ(ਡਾਇਰੈਕਟਰ ਡੈਂਟਲ ਹਸਪਤਾਲ ਫਰੀਦਕੋਟ), ਡਾ. ਸਰਬਜੀਤ ਕੌਰ ਬਰਾੜ, ਡਾ. ਸੰਜੀਵ ਗੋਇਲ, ਅਵਤਾਰ ਕਮਾਲ, ਕੰਵਲਜੀਤ ਸਿੰਘ ਢਿਲੋਂ, ਗੁਰਮੀਤ ਸਿੰਘ ਚਾਨਾ ਲੁਧਿਆਣਾ ਅਤੇ ਧਰਮ ਪਰਵਾਨਾ ਨੇ ਬੋਲਦਿਆਂ ਦੱਸਿਆ ਕਿ ਬਲਧੀਰ ਮਾਹਲਾ ਵਲੋਂ ਉੱਘੇ ਸ਼ਾਇਰਾਂ ਨੂੰ ਵੀ ਗਾਇਆ ਗਿਆ ਹੈ ਜਿਸ ਦੀ ਅਮਿੱਟ ਛਾਪ ਲੋਕਾਂ ਦੇ ਦਿਲਾਂ ਤੇ ਜਿਵੇਂ ਮੁੱਢ-ਕਦੀਮੋਂ ਹੀ ਛਪੀ ਹੋਈ ਹੈ। ਉਨ੍ਹਾਂ ਬਲਧੀਰ ਮਾਹਲਾ ਵਲੋਂ ਗਾਏ ਗਏ ਨਵੇਂ ਅਤੇ ਪੁਰਾਣੇ ਗੀਤਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਦੀ ਭੱਜ ਦੌੜ ਦੀ ਜਿੰਦਗੀ ਵਿੱਚ ਅਜਿਹੇ ਠਰੰਮੇ ਅਤੇ ਸਹਿਜਤਾ ਵਾਲੇ ਗੀਤਾਂ ਦੀ ਬਹੁਤ ਲੋੜ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਲੋੜ ਦੀ ਘਾਟ ਬਲਧੀਰ ਮਾਹਲਾ ਦੇ ਹੁੰਦੇ ਹੋਏ ਘੱਟ ਮਹਿਸੂਸ ਹੁੰਦੀ ਹੈ।