ਫਾਜ਼ਿਲਕਾ, 8 ਜੁਲਾਈ : ਔਰਤਾਂ ਨੂੰ ਇਕ ਹੀ ਛੱਤ ਹੇਠ ਜ਼ਰੂਰਤ ਅਨੁਸਾਰ ਵੱਖ—ਵੱਖ ਸੇਵਾਵਾਂ ਮੁਹੱਈਆ ਕਰਵਾਉਣ ਵਾਲਾ ਵਨ ਸਟਾਪ ਸਖੀ ਸੈਂਟਰ ਕਾਫੀ ਕਾਰਗਰ ਸਿੱਧ ਹੋ ਰਿਹਾ ਹੈ। ਵੱਖ-ਵੱਖ ਸਕੂਲਾਂ ਵਿਖੇ ਪਹੁੰਚ ਕਰਕੇ ਸਟਾਫ ਵੱਲੋਂ ਲੜਕੀਆਂ/ਔਰਤਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰ ਖੇੜਾ ਵਿਖੇ ਵਨ ਸਟਾਪ ਸਖੀ ਸੈਂਟਰ ਦੇ ਪੈਰਾ ਲੀਗਲ ਜਯੋਤੀ ਵਰਮਾ ਤੇ ਵਰਕਰ ਸਰਵਜੀਤ ਕੌਰ ਨੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕਰਕੇ ਲੜਕੀਆਂ ਦੇ ਵੱਖ-ਵੱਖ ਹੱਕਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸਖ਼ੀ ਸੈਂਟਰ ਵਿਖੇ 18 ਸਾਲ ਦੀ ਉਮਰ ਤੋਂ ਵੱਧ ਔਰਤਾਂ ਜ਼ਿਨ੍ਹਾਂ ਨਾਲ ਕਿਸੇ ਪ੍ਰਕਾਰ ਦੀ ਹਿੰਸਾ ਜਿਵੇਂ ਕਿ ਘਰੇਲੂ ਹਿੰਸਾ, ਬਲਾਤਕਾਰ, ਤੇਜਾਬੀ ਹਮਲਾ, ਜਿਨਸੀ ਹਮਲਾ, ਛੇੜਛਾੜ ਆਦਿ ਤੋਂ ਪੀੜਿਤ ਹੋਣ ਦੀ ਹਾਲਤ ਵਿਚ ਉਨ੍ਹਾਂ ਨੂੰ ਇਕ ਹੀ ਛੱਤ ਹੇਠ ਜ਼ਰੂਰਤ ਅਨੁਸਾਰ ਵੱਖ—ਵੱਖ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਹਿੰਸਾਂ ਤੋਂ ਪੀੜ੍ਹਤ ਔਰਤਾਂ ਨੂੰ ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ, ਡਾਕਟਰੀ ਸਹਾਇਤਾ, ਮਨੋਵਿਗਿਆਨਕ ਸਲਾਹ ਅਤੇ ਅਸਥਾਈ ਰਿਹਾਇਸ਼ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਲੇ ਦੁਆਲੇ ਕਿਸੇ ਵੀ ਔਰਤ ਨਾਲ ਇਸ ਤਰ੍ਹਾਂ ਦੀ ਹਿੰਸਾ ਹੁੰਦੀ ਹੈ ਤਾਂ ਉਹ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਹੈਲਪਲਾਈਨ ਨਬੰਰ 112 ਤੇ 1091 ਬਾਰੇ ਵੀ ਜਾਣਕਾਰੀ ਦਿੱਤੀ ਤਾਂ ਜ਼ੋ ਐਮਰਜੰਸੀ ਪੈਣ ਤੇ ਇਨ੍ਹਾਂ ਨੰਬਰਾਂ ਨਾਲ ਸੰਪਰਕ ਕੀਤਾ ਜਾ ਸਕੇ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰ ਖੇੜਾ ਦੇ ਪ੍ਰਿੰਸੀਪਲ ਸ੍ਰੀ ਧਰਮਪਾਲ ਤੇ ਸਮੂਹ ਸਕੂਲ ਸਟਾਫ ਵੱਲੋਂ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕਰਨ *ਤੇ ਵਨ ਸਟਾਪ ਸਖੀ ਸੈਂਟਰ ਦੇ ਸਟਾਫ ਦਾ ਧੰਨਵਾਦ ਪ੍ਰਗਟ ਕੀਤਾ।