ਮੁਹਾਲੀ, 29 ਜੁਲਾਈ : ਮੁਹਾਲੀ ਦੇ ਫੇਜ਼ 9 ਸਥਿਤ ਇਨਡੋਰ ਸਪੋਰਟਸ ਸਟੇਡੀਅਮ ਵਿਚ ਦਲੀਆ ਖਾ ਕੇ ਖਿਡਾਰੀ ਬਿਮਾਰ ਹੋ ਗਏ। ਜਿਸ ਤੋਂ ਬਾਅਦ ਇਹ ਦਲੀਆ ਖਾਣ ਵਾਲੇ ਸਾਰੇ 50 ਖਿਡਾਰੀਆਂ ਨੂੰ ਫੇਜ਼ 6 ਦੇ ਜਨਰਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਖਿਡਾਰੀਆਂ ਨੇ ਦੱਸਿਆ ਕਿ ਦਲੀਏ ਵਿਚ ਕਿਰਲੀ ਸੀ। ਜਦੋਂ ਉਹਨਾਂ ਨੇ ਇਹ ਦਲੀਆ ਖਾਧਾ ਤਾਂ ਇੱਕ ਖਿਡਾਰੀ ਨੇ ਇਸ ਵਿਚ ਕਿਰਲੀ ਦੇਖੀ। ਇਸ ਕਾਰਨ ਚਾਰ-ਪੰਜ ਖਿਡਾਰੀਆਂ ਨੇ ਮੌਕੇ 'ਤੇ ਹੀ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੀ ਸੂਚਨਾ ਤੁਰੰਤ ਉਥੇ ਮੌਜੂਦ ਕੋਚ ਨੂੰ ਦਿੱਤੀ ਗਈ। ਦਲੀਆ ਖਾਣ ਵਾਲੇ ਸਾਰੇ ਖਿਡਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ। ਸਾਰੇ ਖਿਡਾਰੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਓਧਰ ਖੇਡ ਵਿਭਾਗ ਨੇ 3 ਦਿਨਾਂ ਦੇ ਅੰਦਰ-ਅੰਦਰ ਕਾਰਵਾਈ ਦੀ ਰਿਪੋਰਟ ਮੰਗ ਲਈ ਹੈ। ਦਲੀਏ 'ਚ ਛਿਪਕਲੀ ਹੋਣ ਦੀ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ ਸੀ ਪਰ ਕਿਹਾ ਜਾ ਰਿਹਾ ਹੈ ਕਿ ਦਲੀਆ ਸੈਂਪਲ ਲੈਣ ਤੋਂ ਪਹਿਲਾਂ ਹੀ ਸੁੱਟ ਦਿੱਤਾ ਗਿਆ ਸੀ ਤੇ ਸੈਂਪਲ ਨਹੀਂ ਲੈ ਹੋਏ। ਜਿਸ ਤੋਂ ਬਾਅਦ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਜੇ ਦਲੀਆ ਪਹਿਲਾਂ ਹੀ ਸੁੱਟ ਦਿੱਤਾ ਤਾਂ ਸੈਂਪਲ ਕਿਧਰੋਂ ਆਏ ਤੇ ਹੁਣ ਜੋ ਸਰਕਾਰ ਨੇ ਰਿਪੋਰਟ ਮੰਗੀ ਹੈ ਉਹ ਕਿਸ ਅਧਾਰ 'ਤੇ ਦਿੱਤੀ ਜਾਵੇਗੀ। ਓਧਰ ਖਿਡਾਰੀਆਂ ਦਾ ਇਲਾਜ ਕਰ ਰਹੇ ਡਾਕਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਘਰਾਂ ਵਿਚ ਪਾਈਆਂ ਜਾਣ ਵਾਲੀਆਂ ਕਿਰਲੀਆਂ ਜ਼ਹਿਰੀਲੀਆਂ ਨਹੀਂ ਹੁੰਦੀਆਂ। ਛਿਪਕਲੀ ਨੂੰ ਦੇਖ ਕੇ ਘਬਰਾ ਕੇ ਖਿਡਾਰੀਆਂ ਨੇ ਉਲਟੀਆਂ ਕਰ ਦਿੱਤੀਆਂ। ਇਸ ਦਾ ਕਾਰਨ ਸਿਰਫ਼ ਖਿਡਾਰੀਆਂ ਦੇ ਅੰਦਰ ਦਾ ਡਰ ਹੈ। ਸਾਰੇ ਖਿਡਾਰੀਆਂ ਦੀ ਹਾਲਤ ਠੀਕ ਹੈ।
ਖੇਡ ਮੰਤਰੀ ਮੀਤ ਹੇਅਰ ਵੱਲੋਂ ਜਾਂਚ ਦੇ ਆਦੇਸ਼, ਤਿੰਨ ਦਿਨਾਂ ਅੰਦਰ ਕਾਰਵਾਈ ਰਿਪੋਰਟ ਮੰਗੀ
ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ.) ਦੇ ਮੁਹਾਲੀ ਸੈਂਟਰ ਵਿਖੇ ਖਿਡਾਰੀਆਂ ਦੇ ਸਵੇਰੇ ਦੇ ਖਾਣੇ ਦੌਰਾਨ ਸਿਹਤ ਖਰਾਬ ਹੋਣ ਦੀਆਂ ਆਈਆਂ ਮੀਡੀਆ ਰਿਪੋਰਟਾਂ ਦਾ ਗੰਭੀਰ ਨੋਟਿਸ ਲੈਂਦਿਆ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਾਂਚ ਦੇ ਆਦੇਸ਼ ਦਿੰਦਿਆਂ ਤਿੰਨ ਦਿਨਾਂ ਦੇ ਅੰਦਰ ਕਾਰਵਾਈ ਰਿਪੋਰਟ ਮੰਗੀ ਹੈ। ਮੀਤ ਹੇਅਰ ਨੇ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਇਸ ਦੀ ਐਕਸ਼ਨ ਟੇਕਨ ਰਿਪੋਰਟ ਤਿੰਨ ਦਿਨਾਂ ਦੇ ਅੰਦਰ ਸੌਂਪਣ ਲਈ ਆਖਿਆ ਹੈ। ਖੇਡ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਖਿਡਾਰੀਆਂ ਦੀ ਸਿਹਤ ਤੇ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕੋਤਾਹੀ ਸਾਹਮਣੇ ਆਈ ਤਾਂ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਹਸਪਤਾਲ ਵਿਚ ਦਾਖ਼ਲ ਸਾਰੇ ਖੇਡ ਸਿਖਿਆਰਥੀ ਬੱਚਿਆਂ ਨੂੰ ਛੁੱਟੀ ਦਿੱਤੀ : ਸਿਵਲ ਸਰਜਨ
ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਵਿਚ ਆਏ ਉਨ੍ਹਾਂ 50 ਬੱਚਿਆਂ, ਜਿਨ੍ਹਾਂ ਨੂੰ ਅਚਾਨਕ ਤਬੀਅਤ ਵਿਗੜਨ ਕਰਕੇ ਅੱਜ ਸਵੇਰੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ, ਨੂੰ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਬੱਚੇ ਸਪੋਰਟਸ ਕੰਪਲੈਕਸ ਸੈਕਟਰ 63 ਮੋਹਾਲੀ ਵਿਖੇ ਵੱਖ-ਵੱਖ ਖੇਡਾਂ ਦੀ ਸਿਖਲਾਈ ਲੈਂਦੇ ਹਨ। ਅੱਜ ਸਵੇਰ ਦਾ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜਨ ਤੇ ਤੁਰੰਤ ਹਸਪਤਾਲ ਵਿਚ ਲਿਆਂਦਾ ਗਿਆ ਸੀ। ਡਾ. ਆਹੂਜਾ ਨੇ ਦਸਿਆ ਕਿ ਸਾਰੇ ਬੱਚਿਆਂ ਦੀ ਡਾਕਟਰਾਂ ਦੀਆਂ ਟੀਮਾਂ ਨੇ ਵਧੀਆ ਸਾਂਭ-ਸੰਭਾਲ ਕੀਤੀ ਅਤੇ ਕਾਫ਼ੀ ਦੇਰ ਤਕ ਉਨ੍ਹਾਂ ਨੂੰ ਅਪਣੀ ਨਿਗਰਾਨੀ ਹੇਠ ਰਖਿਆ। ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਇਨ੍ਹਾਂ ਬੱਚਿਆਂ ਨੂੰ ਮਿਲੇ ਤੇ ਉਨ੍ਹਾਂ ਦੀ ਸਿਹਤਯਾਬੀ ਬਾਰੇ ਪੁੱਛਿਆ। ਉਨ੍ਹਾਂ ਦੱਸਿਆ ਕਿ ਸਾਰਿਆਂ ਦੀ ਹਾਲਤ ਬਿਲਕੁਲ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ।