- ਡੀ.ਸੀ. ਤੇ ਹੋਰਨਾਂ ਨੇ ਡਾ. ਅਕਸ਼ਿਤਾ ਗੁਪਤਾ ਵੱਲੋਂ ਹੜ੍ਹਾਂ ਦੌਰਾਨ ਰਾਹਤ ਕੈਂਪਾਂ ਦੇ ਨੋਡਲ ਅਫ਼ਸਰ ਵਜੋਂ ਨਿਭਾਈਆਂ ਸੇਵਾਵਾਂ ਦੀ ਕੀਤੀ ਸ਼ਲਾਘਾ
ਪਟਿਆਲਾ, 29 ਜੁਲਾਈ : 2021 ਬੈਚ ਦੇ ਆਈ.ਏ.ਐਸ. ਅਧਿਕਾਰੀ ਤੇ ਪਟਿਆਲਾ ਵਿਖੇ ਬਤੌਰ ਸਹਾਇਕ ਕਮਿਸ਼ਨਰ, ਸਿਖਲਾਈ ਕਰ ਰਹੇ ਡਾ. ਅਕਸ਼ਿਤਾ ਗੁਪਤਾ ਦੀ ਜ਼ਿਲ੍ਹੇ ਵਿਚਲੀ ਟ੍ਰੇਨਿੰਗ ਖ਼ਤਮ ਹੋਣ 'ਤੇ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਏ.ਡੀ.ਸੀਜ ਤੇ ਐਸ.ਡੀ.ਐਮਜ਼ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਸਰਕਾਰੀ ਮੈਡੀਕਲ ਕਾਲਜ, ਸੈਕਟਰ 32 ਚੰਡੀਗੜ੍ਹ ਤੋਂ 2021 'ਚ ਐਮ.ਬੀ.ਬੀ.ਐਸ. ਦੀ ਡਿਗਰੀ ਕਰਕੇ ਯੂ.ਪੀ.ਐਸ.ਸੀ. ਦੀ ਵਕਾਰੀ ਪ੍ਰੀਖਿਆ ਪਹਿਲੀ ਵਾਰ 'ਚ ਹੀ ਪਾਸ ਕਰਕੇ 69ਵਾਂ ਰੈਂਕ ਹਾਸਲ ਕਰਨ ਵਾਲੇ ਡਾ. ਅਕਸ਼ਿਤਾ ਗੁਪਤਾ ਨੇ ਹਾਲੀਆ ਹੜ੍ਹਾਂ ਦੌਰਾਨ ਰਾਹਤ ਕੈਂਪਾਂ ਤੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡਣ ਦੇ ਨੋਡਲ ਅਧਿਕਾਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ, ਜਿਸਦੀ ਹਰ ਪਾਸਿਓਂ ਸ਼ਲਾਘਾ ਹੋਈ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਡਾ. ਅਕਸ਼ਿਤਾ ਗੁਪਤਾ ਨੂੰ ਸਫ਼ਲ ਸਿਖਲਾਈ ਲਈ ਵਧਾਈ ਦਿੰਦਿਆਂ ਕਿਹਾ ਕਿ ਹੜ੍ਹਾਂ ਦੌਰਾਨ ਡਾ. ਗੁਪਤਾ ਨੇ ਆਪਣੀ ਡਿਊਟੀ ਪੂਰੀ ਸਮਰਪਿਤ ਭਾਵਨਾ ਨਾਲ ਨਿਭਾਅ ਕੇ ਇੱਕ ਚੰਗੇ ਅਧਿਕਾਰੀ ਦੇ ਗੁਣ ਗ੍ਰਹਿਣ ਕੀਤੇ ਹਨ, ਜੋ ਕਿ ਉਨ੍ਹਾਂ ਦੇ ਸਾਰੇ ਕੈਰੀਅਰ ਵਿੱਚ ਕੰਮ ਆਉਣਗੇ। ਡਿਪਟੀ ਕਮਿਸ਼ਨਰ ਨੇ ਡਾ. ਅਕਸ਼ਿਤਾ ਗੁਪਤਾ ਨੂੰ ਤਿਰੰਗਾ ਝੰਡਾ ਤੇ ਆਈ.ਏ.ਐਸ ਦਾ ਫਲੈਗ ਦੇ ਕੇ ਸਨਮਾਨਤ ਕੀਤਾ। ਡਾ. ਅਕਸ਼ਿਤਾ ਗੁਪਤਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਟਿਆਲਾ ਜ਼ਿਲ੍ਹਾ ਬਹੁਤ ਅਹਿਮ ਜ਼ਿਲ੍ਹਾ ਹੈ ਅਤੇ ਉਨ੍ਹਾਂ ਨੂੰ ਆਪਣੀ ਸੇਵਾ ਦੀ ਪਹਿਲੀ ਤਾਇਨਾਤੀ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਰਗੇ ਦੂਰਅੰਦੇਸ਼ੀ ਅਧਿਕਾਰੀ ਦੀ ਗਤੀਸ਼ੀਲ ਅਗਵਾਈ ਹੇਠ ਸਿਖਲਾਈ ਲੈਣ ਦਾ ਮੌਕਾ ਮਿਲਿਆ, ਜਿਸ ਤੋਂ ਉਨ੍ਹਾਂ ਨੇ ਪਿਛਲੇ ਇੱਕ ਸਾਲ ਦੌਰਾਨ ਅਤੇ ਖਾਸ ਕਰਕੇ ਹੜ੍ਹਾਂ ਦੇ ਇਸ ਕੁਦਰਤੀ ਆਫ਼ਤ ਦੇ ਸਮੇਂ ਬਹੁਤ ਕੁਝ ਸਿੱਖਿਆ ਹੈ। ਇਸ ਮੌਕੇ ਏ.ਡੀ.ਸੀਜ਼ ਜਗਜੀਤ ਸਿੰਘ ਤੇ ਅਨੁਪ੍ਰਿਤਾ ਜੌਹਲ, ਐਸ.ਡੀ.ਐਮਜ ਡਾ. ਇਸਮਤ ਵਿਜੇ ਸਿੰਘ ਤੇ ਤਰਸੇਮ ਚੰਦ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮਾਰਕੰਨ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਏ.ਸੀ.ਐਫ.ਏ. ਰਾਕੇਸ਼ ਕੁਮਾਰ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।