- ਬਰਨਾਲਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪਾਂ ਵਾਸਤੇ ਕੀਤੀ ਪਹਿਲਕਦਮੀ
- ਬਿਹਤਰੀਨ ਉਤਪਾਦਾਂ ਦੀ ਵਿਕਰੀ ਲਈ ਮੁਹੱਈਆ ਕਰਾਇਆ ਜਾਵੇਗਾ ਮਾਰਕਟਿੰਗ ਮੰਚ
- ਸੂਬੇ ਅਤੇ ਦੇਸ਼ ਦੇ ਕੋਨੇ ਕੋਨੇ ’ਚ ਪਹੁੰਚਣਗੇ ‘ਅਸਲ ਦੇਸੀ’ ਬਰਾਂਡ ਦੇ ਉਤਪਾਦ
- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਵੀ ਬਣੇਗਾ ਵਿਕਰੀ ਕੇਂਦਰ
ਬਰਨਾਲਾ, 23 ਸਤੰਬਰ : ਜ਼ਿਲ੍ਹਾ ਬਰਨਾਲਾ ਦੇ ਸੈਲਫ ਹੈਲਪ ਗਰੁੱਪਾਂ ਦੇ ਉਤਪਾਦਾਂ ਨੂੰ ਮਾਰਕਟਿੰਗ ਲਈ ਮੰਚ ਮੁਹੱਈਆ ਕਰਾਉਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਆਈਏਐਸ ਦੀ ਅਗਵਾਈ ਹੇਠ ਨਿਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈੇ, ਜਿਸ ਤਹਿਤ ਬਿਹਤਰੀਨ ਉਤਪਾਦਾਂ ਦੀ ਵਿਕਰੀ ਲਈ ‘ਅਸਲ ਦੇਸੀ’ ਬਰਾਂਡ ਲਾਂਚ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਸ਼ਹਿਰਾਂ ਤੋਂ ਇਲਾਵਾ ਵੱਡੀ ਗਿਣਤੀ ਪਿੰਡਾਂ ਦੇ ਸੈਲਫ ਹੈਲਪ ਗਰੁੱਪ ਕਾਰਜਸ਼ੀਲ ਹਨ, ਜੋ ਕਿ ਹੱਥੀਂ ਉਤਪਾਦ ਤਿਆਰ ਕਰ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਐਸੋਸੀਏਸ਼ਨਾਂ ਨਾਲ ਜੁੜੇ ਕਈ ਕਿਸਾਨ ਜੈਵਿਕ ਖੇਤੀ ਕਰਕੇ ਵਧੀਆ ਗੁਣਵੱਤਾ ਦੇ ਖਾਧ ਪਦਾਰਥਾਂ ਤਿਆਰ ਕਰਦੇ ਹਨ। ਇਨ੍ਹਾਂ ਉਤਪਾਦਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਜੈਵਿਕ ਆਟੇ, ਮੋਟੇ ਅਨਾਜ, ਦਾਲਾਂ, ਸ਼ਹਿਦ, ਮੁਰੱਬੇ, ਆਚਾਰ ਆਦਿ ਤੋਂ ਇਲਾਵਾ ਦਰੀਆਂ, ਸਿਲਾਈ, ਕਢਾਈ, ਕਰੋਸ਼ੀਏ ਸਣੇ ਹੋਰ ਅਨੇਕ ਤਰ੍ਹਾਂ ਦਾ ਹੱਥੀਂ ਤਿਆਰ ਸਾਮਾਨ ਸ਼ਾਮਲ ਹੈ, ਜੋ ਸਾਡੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਿਹਤਰੀਨ ਕੰਮ ਕਰ ਰਹੇ ਸੈਲਫ ਹੈਲਪ ਗਰੁੱਪਾਂ ਨੂੰ ਮਾਰਕੀਟਿੰਗ ਦਾ ਮੰਚ ਮੁਹੱਈਆ ਕਰਾਉਣ ਦੀ ਯੋਜਨਾ ਉਲੀਕੀ ਗਈ ਹੈ। ਇਸ ਤਹਿਤ ਪਹਿਲੇ ਪੜਾਅ ਵਿੱਚ ਬਿਹਤਰੀਨ ਗੁਣਵੱਤਾ ਵਾਲੇ ਉਤਪਾਦਾਂ ਦੀ ਚੋਣ ਕੀਤੀ ਜਾਵੇਗੀ ਅਤੇ ਗਰੁੱਪਾਂ ਦੇ ਹੁਨਰ ਨੂੰ ਹੋਰ ਤਰਾਸ਼ਣ ਲਈ ਅਤੇ ਉਤਪਾਦਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਜ਼ਰੂਰਤ ਪੈਣ ’ਤੇ ਆਰਸੇਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਦਿ ਤੋਂ ਸਿਖਲਾਈ ਵੀ ਦਿਵਾਈ ਜਾਵੇਗੀ। ਤਿਆਰ ਕੀਤੇ ਉਤਪਾਦਾਂ ਦੀ ਅਗਲੇ ਪੜਾਅ ਤਹਿਤ ਲੇਬਲਿੰਗ ਤੇ ਬਰਾਂਡਿੰਗ ਦਾ ਕੰਮ ਕੀਤਾ ਜਾਵੇਗਾ ਤੇ ਇਨ੍ਹਾਂ ਉਤਪਾਦਾਂ ਦੀ ‘ਅਸਲ ਦੇਸੀ’ ਬਰਾਂਡ ਨਾਮ ਹੇਠ ਮਾਰਕੀਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਤਹਿਤ ਸੈਲਫ ਹੈਲਪ ਗਰੁੱਪਾਂ ਨੂੰ ਜ਼ਰੂਰੀ ਲਾਇਸੈਂਸ ਜਾਰੀ ਕਰਵਾਉਣ ’ਚ ਵੀ ਮਦਦ ਕੀਤੀ ਜਾਵੇਗੀ ਤਾਂ ਜੋ ਗੁਣਵੱਤਾ ਮਾਪਦੰਡਾਂ (ਕੁਆਲਿਟੀ ਸਟੈਂਡਰਡਜ਼) ਨੂੰ ਕਾਇਮ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਚੰਗੀ ਗੁਣਵੱਤਾ ਅਤੇ ਵਾਜਬ ਰੇਟਾਂ ’ਤੇ ਕੱਚਾ ਮਾਲ ਲੈਣ ਬਾਰੇ ਵੀ ਗਰੁੱਪਾਂ ਦਾ ਮਾਰਗਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੇਬਲਿੰਗ, ਬਰਾਂਡਿੰਗ, ਮਾਰਕਟਿੰਗ ਆਦਿ ਵਾਸਤੇ ਸੈਲਫ ਹੈਲਪ ਗਰੁੱਪਾਂ ਨੂੰ ਬਲਾਕ ਪੱਧਰ ’ਤੇ ਜਗ੍ਹਾ ਜਾਂ ਲੋੜੀਂਦੀ ਇਮਾਰਤ ਤੇ ਹੋਰ ਸਾਜ਼ੋ-ਸਾਮਾਨ ਮੁਹੱਈਆ ਕਰਾਇਆ ਜਾਵੇਗਾ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਵੀ ‘ਅਸਲ ਦੇਸੀ’ ਵਿਕਰੀ ਕੇਂਦਰ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਸਥਾਨਕ ਲੋਕ ਇੱਥੋਂ ਉਤਪਾਦ ਖ਼ਰੀਦ ਸਕਣ। ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਵੱਖ ਵੱਖ ਵਿਭਾਗਾਂ ਨਾਲ ਅਹਿਮ ਮੀਟਿੰਗ ਕੀਤੀ ਗਈ ਅਤੇ ਇਸ ਸਬੰਧੀ ਅਗਲੀ ਰਣਨੀਤੀ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸੈਲਫ ਹੈਲਪ ਗਰੁੱਪਾਂ ਦੇ ਉਤਪਾਦਾਂ ਨੂੰ ਹੁਲਾਰਾ ਦੇ ਕੇ ਗਰੁੱਪਾਂ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ. ਗੋਪਾਲ ਸਿੰਘ ਤੋਂ ਇਲਾਵਾ ਆਰਸੇਟੀ, ਸਹਿਕਾਰਤਾ ਵਿਭਾਗ, ਜੀਐਮ ਡੀਆਈਸੀ ਦਫਤਰ, ਐਨਆਰਐਲਐਮ, ਐਨਯੂਐਲਐਮ ਤੋਂ ਅਧਿਕਾਰੀ ਤੇ ਕਰਮਚਾਰੀ ਅਤੇ ਬਰਨਾਲਾ ਨੈਚੁਰਲ ਫਾਰਮਰ ਐਸੋਸੀਏਸ਼ਨ ਤੋਂ ਕਿਸਾਨ ਹਾਜ਼ਰ ਸਨ।