ਮਨਪ੍ਰੀਤ ਸਿੰਘ ਬਾਦਲ ਵੱਲੋਂ ਪਲਾਟ ਖ਼ਰੀਦਣ ਦੇ ਮਾਮਲੇ ਵਿੱਚ ਬਿਕਰਮਜੀਤ ਸ਼ੇਰਗਿੱਲ ਤੇ ਪੰਕਜ ਕਾਲੀਆ ਦੇ ਗ੍ਰਿਫਤਾਰੀ ਵਰੰਟ ਜਾਰੀ

ਬਠਿੰਡਾ, 26 ਅਕਤੂਬਰ : ਬਠਿੰਡਾ ਅਦਾਲਤ ਨੇ ਸਾਬਕਾ ਵਿੱਤ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਲਾਟ ਖ਼ਰੀਦਣ ਦੇ ਮਾਮਲੇ ਵਿੱਚ ਬਠਿੰਡਾ ਵਿਕਾਸ ਅਥਾਰਟੀ ਦੇ ਰਿਕਾਰਡ 'ਚ ਕਥਿਤ ਭੰਨਤੋੜ ਕਰਨ ਸਬੰਧੀ ਨਾਮਜ਼ਦ ਬੀਡੀਏ ਦੇ ਤੱਤਕਾਲੀ ਪ੍ਰਸ਼ਾਸਕ ਪੀਸੀਐਸ ਅਫਸਰ ਬਿਕਰਮਜੀਤ ਸਿੰਘ ਸ਼ੇਰਗਿੱਲ ਤੇ ਬੀਡੀਏ ਦੇ ਸੁਪਰਡੈਂਟ ਪੰਕਜ ਕਾਲੀਆ ਦੀ  ਗ੍ਰਿਫਤਾਰੀ ਵਰੰਟ ਜਾਰੀ ਕਰ ਦਿੱਤੇ ਹਨ। ਇਸ  ਪਹਿਲਾਂ 23 ਅਕਤੂਬਰ ਨੂੰ ਬਠਿੰਡਾ ਅਦਾਲਤ ਨੇ ਦੋਵਾਂ ਮੁਲਜਮਾਂ ਦੀ ਅਗਾਊਂ ਜ਼ਮਾਨਤ ਲਈ ਦਿੱਤੀ ਅਰਜ਼ੀ ਖਾਰਜ ਕਰ ਦਿੱਤੀ ਸੀ।ਮਾਮਲਾ ਸਾਬਕਾ ਵਿੱਤ ਮੰਤਰੀ ਨਾਲ ਜੁੜਿਆ ਹੋਣ ਕਰਕੇ ਵਿਜੀਲੈਂਸ ਵੱਲੋਂ ਕੀਤੀ ਜਾਣ ਵਾਲੀ ਅਗਲੀ ਕਾਰਵਾਈ ਤੇ ਨਜ਼ਰਾਂ ਟਿਕ ਗਈਆਂ ਹਨ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਬਿਕਰਮਜੀਤ ਸਿੰਘ ਸ਼ੇਰ ਗਿੱਲ ਤੇ ਪੰਕਜ ਕਾਲੀਆਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਸੀ ਪਰ ਕਿਸੇ ਨੂੰ ਫੜਿਆ ਨਹੀਂ ਜਾ ਸਕਿਆ ਹੈ। ਸਾਬਕਾ ਵਿੱਤ ਮੰਤਰੀ ਤਾਂ ਇਸ ਮਾਮਲੇ ਵਿੱਚ ਹਾਈਕੋਰਟ ਤੋਂ ਅੰਤਰਿਮ ਜਮਾਨਤ ਲੈਣ ਵਿੱਚ ਵੀ ਸਫਲ ਹੋ ਗਏ ਹਨ।ਮੰਨਿਆ ਜਾ ਰਿਹਾ ਹੈ ਕਿ ਸ਼ੇਰ ਗਿੱਲ ਤੇ ਪੰਕਜ ਕਾਲੀਆ ਹੁਣ ਅਗਾਊ ਜਮਾਨਤ ਲੈਣ ਲਈ ਹਾਈਕੋਰਟ ਦਾ ਬੂਹਾ ਖੜਕਾ ਸਕਦੇ ਹਨ ਜਦੋਂ ਕਿ ਵਿਜੀਲੈਂਸ ਦੀ ਕੋਸ਼ਿਸ਼ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਰਹੇਗੀ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਦਾ ਦੋਵਾਂ ਅਧਿਕਾਰੀਆਂ ਪ੍ਰਤੀ ਵਤੀਰਾ ਨਰਮ ਹੀ ਦਿਖਾਈ ਦੇ ਰਿਹਾ ਹੈ। ਦੱਸਣ ਯੋਗ ਹੈ ਕਿ ਵਿਜੀਲੈਂਸ ਬਿਊਰੋ ਪੰਜਾਬ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ  ਅਤੇ ਬੀਡੀਏ ਦੇ ਸੁਪਰਡੈਂਟ ਪੰਕਜ ਕਾਲੀਆ  ਤੋਂ ਇਲਾਵਾ ਤਿੰਨ  ਪ੍ਰਾਈਵੇਟ ਵਿਅਕਤੀਆਂ ਕਾਰੋਬਾਰੀ ਰਾਜੀਵ ਕੁਮਾਰ, ਸ਼ਰਾਬ ਕਾਰੋਬਾਰੀ ਦੇ ਮੁਲਾਜ਼ਮ ਅਮਨਦੀਪ ਸਿੰਘ ਅਤੇ ਵਿਕਾਸ ਕੁਮਾਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਧਾਰਾ 409, 420, 467, 468, 471, 120 5ਬੀ, 66 ਸੀ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਕੇਸ ਵਿੱਚ ਸ਼ਹਿਰ ਦੇ ਇੱਕ ਨਾਮੀ ਹੋਟਲ ਦੇ ਮਾਲਕ  ਰਾਜੀਵ ਕੁਮਾਰ, ਵਪਾਰੀ ਵਿਕਾਸ ਅਰੋੜਾ ਅਤੇ ਸ਼ਰਾਬ ਦੇ ਇੱਕ ਕਾਰੋਬਾਰੀ ਦੇ ਮੁਲਾਜ਼ਮ ਅਮਨਦੀਪ ਸਿੰਘ ਵਿਜੀਲੈਂਸ ਵੱਲੋਂ ਗ੍ਰਿਫਤਾਰ ਹੋ ਚੁੱਕੇ ਹਨ ਜਿਨ੍ਹਾਂ ਦੀ ਰੈਗੂਲਰ ਜਮਾਨਤ ਦੀ ਅਰਜੀ ਵੀ ਅਦਾਲਤ ਨੇ ਰੱਦ ਕਰ ਦਿੱਤੀ ਸੀ।