- ਲਗਾਤਾਰ ਮੀਂਹ ਕਾਰਨ ਪੈਦਾ ਹੋਈ ਸਥਿਤੀ ਨੂੰ ਨਜਿੱਠਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਖਰੜ,10 ਜੁਲਾਈ : ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਲਗਾਤਾਰ ਪੈ ਰਹੇ ਮੀਂਹ ਦੇ ਮੱਦੇਨਜ਼ਰ ਅੱਜ ਹਲਕਾ ਖਰੜ ਦੇ ਪ੍ਰਭਾਵਿਤ ਖੇਤਰਾਂ ਦਾ ਜ਼ਮੀਨੀ ਪੱਧਰ ਤੇ ਜਾ ਕੇ ਜਾਇਜ਼ਾ ਲਿਆ। ਭਾਰੀ ਮੀਂਹ ਕਾਰਨ ਹਲਕੇ ਵਿੱਚ ਕਿਸੇ ਦਾ ਵੀ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ਇਹ ਯਕੀਨੀ ਬਣਾਉਣ ਲਈ ਮੰਤਰੀ ਵੱਲੋ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਮੌਸਮ ਦੀ ਖ਼ਰਾਬੀ ਅਤੇ ਲਗਾਤਾਰ ਮੀਂਹ ਕਾਰਨ ਹਲਕਾ ਖਰੜ ਦੇ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਦੀ ਮੁਕੰਮਲ ਸੁਰੱਖਿਆ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਗਾਤਾਰ ਨਜ਼ਰ ਰੱਖਣ ਅਤੇ ਲੋੜ ਪੈਣ ਤੇ ਤੁਰੰਤ ਸਹਾਇਤਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾ ਦੱਸਿਆ ਕਿ ਹਲਕਾ ਖਰੜ ਵਿਚ ਮੀਂਹ ਦੇ ਪਾਣੀ ਦੀ ਸਥਿਤੀ ਕੰਟਰੋਲ ਅਧੀਨ ਹੈ। ਮੀਂਹ ਦੇ ਪਾਣੀ ਦੀ ਮੁਕੰਮਲ ਨਿਕਾਸੀ ਲਈ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਉਨ੍ਹਾ ਕਿਹਾ ਕਿ ਮੀਂਹ ਤੋਂ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਲਈ ਲੋੜਵੰਦਾਂ ਵਾਸਤੇ ਐਮਰਜੈਂਸੀ ਸੇਵਾਵਾਂ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਪਹਿਲਾਂ ਤੋਂ ਮੌਜੂਦ ਲੈਂਡਲਾਈਨਾਂ-ਮੋਹਾਲੀ-0172-2219505, ਡੇਰਾਬੱਸੀ-01762-283224, ਖਰ ੜ-0160-2280853 ਤੋਂ ਇਲਾਵਾ ਮੋਬਾਈਲ ਹੈਲਪਲਾਈਨ ਵੀ ਜਾਰੀ ਕੀਤੀਆਂ ਹਨ। ਲੈਂਡਲਾਈਨ ਦੇ ਕੰਮ ਨਾ ਕਰਨ ਦੀ ਸਥਿਤੀ ਵਿੱਚ, ਕੋਈ ਵੀ ਮੋਬਾਈਲ ਨੰਬਰ,ਮੋਹਾਲੀ-76580-51209, 73476-61642, ਖਰੜ-94642-34000 ਅਤੇ ਡੇਰਾਬੱਸੀ-98550-25466, 79733-60184 ਤੇ ਸਪੰਰਕ ਕੀਤਾ ਜਾ ਸਕਦਾ ਹੈ। ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੀਂਹ ਕਾਰਨ ਪੈਦਾ ਹੋਏ ਸਥਿਤੀ ਤੋਂ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਪੰਜਾਬ ਸਰਕਾਰ ਹਰ ਤਰ੍ਹਾਂ ਦੀ ਸਥਿਤੀ ਵਿਚ ਲੋਕਾਂ ਨਾਲ ਖੜੀ ਹੈ। ਭਾਰੀ ਮੀਂਹ ਕਾਰਨ ਪੈਦਾ ਹੋਈ ਸਥਿਤੀ ਨੂੰ ਨਜਿੱਠਣ ਲਈ ਪੰਜਾਬ ਸਰਕਾਰ ਵਲੋ ਪੁਖਤਾ ਪ੍ਰਬੰਧਾਂ ਕੀਤੇ ਗਏ ਹਨ।